ਦਹਿਸ਼ਤਜ਼ਦਾ ਹੋਏ ਲੋਕ ਰਾਹਤ ਕੈਂਪਾਂ ਤੋਂ ਘਰਾਂ ਨੂੰ ਪਰਤਣ ਲੱਗ
ਐਨ ਐਨ ਬੀ
ਜੰਮੂ – ਜੰਮੂ ਵਿੱਚ ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ ‘ਤੇ ਦੁਵੱਲੀ ਗੋਲੀਬਾਰੀ ਕਰਦੀਆਂ ਬੰਦੂਕਾਂ ਸ਼ਾਂਤ ਹੋ ਗਈਆਂ ਹਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸਨੂੰ ਬਣਦਾ ਸਬਕ ਸਿਖਾ ਦਿੱਤਾ ਗਿਆ ਹੈ। ਇਹਦੇ ਨਾਲ ਹੀ ਬੀਤੀ 9 ਦਿਨਾਂ ਤੋਂ ਸਰਹੱਦ ਪਾਰੋਂ ਦਾਗੇ ਜਾ ਰਹੇ ਗੋਲਿਆਂ ਤੇ ਫਾਇਰਿੰਗ ਕਾਰਨ ਦਹਿਸ਼ਤਜ਼ਦਾ ਲੋਕਾਂ ਦਾ ਸੁਰੱਖਿਅਤ ਇਲਾਕਿਆਂ ਤੋਂ ਘਰਾਂ ਵੱਲ ਪਰਤਣ ਦਾ ਸਿਲਸਿਲਾ ਸ਼ੁਰੂ ਹੋ ਹੋਣ ਜਾ ਰਿਹਾ ਹੈ, ਪਰ ਸੀਮਾ ਸੁਰੱਖਿਆ ਬਲ ਬੜੀ ਚੌਕਸੀ ਤੋਂ ਕੰਮ ਲੈ ਰਹੇ ਹਨ, ਕਿਉਂਕਿ ਹਾਲੇ ਤੱਕ ਪਾਕਿਸਤਾਨੀ ਰੇਂਜਰਾਂ ਨੇ ਫਲੈਗ ਮੀਟਿੰਗ ਦੀ ਪੇਸ਼ਕਸ਼ ਨਹੀਂ ਕੀਤੀ।
ਬੀ ਐਸ ਐਫ ਦੇ ਤਰਜ਼ਮਾਨ ਨੇ ਦੱਸਿਆ ਕਿ 9 ਤੇ 10 ਅਕਤੂਬਰ ਦੀ ਰਾਤ ਨੂੰ ਜੰਮੂ ‘ਤੇ ਸਾਂਬਾ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸਰਹੱਦ ‘ਤੇ ਭਾਰਤ ਦੀ ਸਖ਼ਤੀ ਮਗਰੋਂ ਹੀ ਸਰਹੱਦ ਪਾਰ ਦੀਆਂ ਬੰਦੂਕਾਂ ਦਾ ਸ਼ਾਂਤ ਹੋਣਾ ਸੰਭਵ ਹੋਇਆ ਹੈ। ਤਰਜਮਾਨ ਨੇ ਮੰਨਿਆ ਕਿ ਪਾਕਿਸਤਾਨ ਨੇ ਕਠੂਆਂ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ 8 ਵਜੇ ਤੋਂ ਬਾਅਦ 20 ਮਿੰਟ ਫਾਇਰਿੰਗ ਕੀਤੀ ਹੈ। ਇਹ ਗੋਲੀਬਾਰੀ ਬੀ ਐਸ ਐਫ ਦੀਆਂ ਚਾਰ ਸਰਹੱਦੀ ਚੌਕੀਆਂ ਵੱਲ ਸੇਧਿਤ ਸੀ।
ਸਾਡੇ ਜਵਾਨਾਂ ਨੇ ਪਾਕਿ ਦਾ ਮੂੰਹ ਬੰਦ ਕੀਤਾ: ਮੋਦੀ
ਧਮਨਗਾਓਂ – ਚੋਣ ਪ੍ਰਚਾਰ ਵਿੱਚ ਰੁੱਝੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਗਿਆ ਹੈ ਅਤੇ ਉਹ ਗੋਲੀਬੰਦੀ ਦੀ ਉਲੰਘਣਾ ਕਰਨ ਦੀ ਹਿਮਾਕਤ ਮੁੜ ਨਹੀਂ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਲਗਦੀ ਸਰਹੱਦ ਨੇੜਿਓਂ ਘਰ-ਬਾਰ ਛੱਡਣ ਵਾਲੇ ਲੋਕਾਂ ਨੂੰ ਕੇਂਦਰ ਵੱਲੋਂ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਵੱਲੋਂ ਮੁਤਾਬਕ ਸਮਾਂ ਆਉਣ ‘ਤੇ ਮੁਆਵਜ਼ੇ ਦੇ ਵੇਰਵਿਆਂ ਦਾ ਐਲਾਨ ਕੀਤਾ ਜਾਏਗਾ। ਇਥੇ ਯਾਦ ਰੱਖਣਾ ਜ਼ਰੂਰੀ ਹੈ ਕਿ ਹੜ੍ਹ ਪੀੜਤਾਂ ਨੂੰ ਕੇਂਦਰ ਵੱਲੋਂ ਸਹਾਇਤਾ ਦਾ ਐਲਾਨ ਕਰਦਿਆਂ ਕੌਮਾਂਤਰੀ ਰਾਹਤ ਰੋਕ ਦਿੱਤੀ ਗਈ ਸੀ, ਪਰ ਬਾਅਦ ਵਿੱਚ ਪੀੜਤਾਂ ਨੂੰ ਰਾਹਤ ਨਹੀਂ ਮਿਲ਼ ਸਕੀ।
ਨਰਿੰਦਰ ਮੋਦੀ, ਜਿਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪਾਕਿਸਤਾਨ ਵਿਰੋਧੀ ਜਜ਼ਬਾਤਾਂ ਨੂੰ ਹਵਾ ਦੇਈ ਰੱਖੀ ਸੀ, ਨੇ ਕਾਂਗਰਸ ਵੱਲੋਂ ਸਰਕਾਰ ਨੂੰ ਘੇਰਨ ਦੀ ਨੁਕਤਾਚੀਨੀ, ਕਰਦਿਆਂ ਕਿਹਾ ਸੀ, ”ਇਹ ਸਿਰਫ ਸਿਰਫ਼ ਬੋਲੀ ਦਾ ਸਮਾਂ ਨਹੀਂ ਹੈ, ਸਗੋਂ ਸਾਡੇ ਜਵਾਨਾਂ ਵੱਲੋਂ ‘ਗੋਲੀਆਂ ਦਾਗਣ ਦਾ ਸਮਾਂ ਹੈ।”
ਉਧਰ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਂਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੱਯਦ ਅਕਬਰੂਦੀਨ ਨੇ ਕਿਹਾ ਕਿ ਸਾਨੂੰ ਡਰਾ ਕੇ ਗੱਲਬਾਤ ਸ਼ੁਰੂ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੋ ਵੀ ਰਣਨੀਤੀ ਬਣਾਏਗਾ, ਉਸ ਦਾ ਢੁਕਵਾਂ ਜਵਾਬ ਦਿੱਤਾ ਜਾਏਗਾ।
ਸਰਹੱਦੀ ਗੜਬੜ ਦਾ ਕਾਰਨ ਮੋਦੀ: ਆਜ਼ਾਦ
ਜੰਮੂ ‘ਚ ਕੌਮਾਂਤਰੀ ਸਰਹੱਦ ਉਪਰ 1947 ਤੋਂ ਬਾਅਦ, ਹੁਣ ਤੱਕ ਦੀ ਸਭ ਤੋਂ ਜ਼ਬਰਦਸਤ ਗੋਲੀਬਾਰੀ ਦਾ ਦਾਅਵਾ ਕਰਦਿਆਂ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ ਡੀ ਏ ਦੇ ਸੱਤਾ ‘ਚ ਆਉਣ ਕਰਕੇ ਪਾਕਿਸਤਾਨ ਨੇ ਇਹ ਗੋਲੀਬਾਰੀ ਕੀਤੀ ਹੈ। ਉਨ੍ਹਾਂ ਦੋਹਾਂ ਘਟਨਾਵਾਂ ਨੂੰ ਇਕ-ਦੂਜੇ ਨਾਲ ਜੁੜੇ ਹੋਏ ਦੱਸਿਆ ਹੈ। ਉਨ੍ਹਾਂ ਕਾਂਗਰਸ ਉਤੇ ਸਿਆਸੀਕਰਨ ਦੇ ਦੋਸ਼ ਰੱਦ ਕਰਦਿਆਂ ਕਿਹਾ ਕਿ ਮੋਦੀ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਸਮੇਂ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਸੀ, ਜਿਸਦਾ ਖਮਿਆਜਾ ਹੁਣ ਦੇਸ਼ ਨੂੰ ਭੁਗਤਣਾ ਪਿਆ ਹੈ।