ਤਿੰਨ ਜਿਲ੍ਹਿਆਂ ਦੇ ਪ੍ਰਭਾਵਤ ਲੋਕ ਘਰੋਂ ਬੇਘਰ ਹੋਏ
ਜੰਮੂ – ਪਾਕਿਸਤਾਨੀ ਰੇਂਜਰਾਂ ਨੇ ਜੰਮੂ-ਕਸ਼ਮੀਰ ਦੇ ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸੀਮਾ ਦੇ ਨਾਲ 40 ਭਾਰਤੀ ਸਰਹੱਦੀ ਚੌਕੀਆਂ ਤੇ 25 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਤੇ ਮੋਰਟਰਾਂ ਦੇ ਗੋਲੇ ਦਾਗੇ, ਜਿਸ ਕਾਰਨ 9 ਵਿਅਕਤੀ ਜ਼ਖ਼ਮੀ ਹੋ ਗਏ। ਓਧਰ ਪੁਣਛ ਜ਼ਿਲ੍ਹੇ ਦੇ ਭਿੰਬਰ ਗਲੀ ਸੈਕਟਰ ਵਿੱਚ ਵਿੱਚ ਇੱਕ ਜੇ ਸੀ ਓ ਤੇ ਦੋ ਜਵਾਨ ਜ਼ਖ਼ਮੀ ਹੋ ਗਏ। ਅਜਿਹੀ ਗੋਲਾਬਾਰੀ ਦਾ ਭਾਰਤ ਵੱਲੋਂ ਵੀ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਇਸ ਮਹੀਨੇ ਪਾਕਿਸਤਾਨ ਵਾਲੇ ਪਾਸਿਓਂ ਗੋਲੀਬੰਦੀ ਦੀ ਇਹ 17ਵੀਂ ਵਾਰ ਕੀਤੀ ਗਈ ਉਲੰਘਣਾ ਹੈ। ਸਰਹੱਦੀ ਖੇਤਰਾਂ ਦੇ 20,000 ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਪੁੱਜ ਗਏ ਹਨ।
ਸੀਮਾ ਸੁਰੱਖਿਆ ਬਲ (ਬੀ ਐਸ ਐਫ) ਵੱਲੋਂ ਪਾਕਿਸਤਾਨ ਦੀ ਇਸ ਕਾਰਵਾਈ ਦਾ ਢੁਕਵਾਂ ਜੁਆਬ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਕਈ ਥਾਈਂ ਦੁਵੱਲੀ ਗੋਲੀਬਾਰੀ ਜਾਰੀ ਹੈ।
ਭਾਰਤ ਸੰਜਮ ਤੋਂ ਕੰਮ ਲਵੇ : ਸਰਤਾਜ ਅਜ਼ੀਜ਼
ਭਾਰਤ ਦਾ ਦੋਸ਼ ਹੈ ਕਿ ਇਸ ਮਹੀਨੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ 17ਵੀਂ ਵਾਰ ਕੀਤੀ ਉਲੰਘਣਾ ਕੀਤੀ ਗਈ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਜ਼ੋਰਦਾਰ ਸਫਾਰਤੀ ਰੋਸ ਪ੍ਰਗਟ ਕਰਨ ਦੇ ਬਾਵਜੂਦ ਭਾਰਤ ਸਰਕਾਰ ਆਪਣੀ ਸੈਨਾ ਨੂੰ ਕੰਟਰੋਲ ’ਚ ਨਹੀਂ ਰੱਖ ਰਹੀ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਫੌਰੀ ਗੋਲੀਬਾਰੀ ਬੰਦ ਕਰਨ ਅਤੇ ਸਰਹੱਦ ’ਤੇ ਅਮਨ ਕਾਇਮ ਕਰਨ ਲਈ ਕਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਸਰਕਾਰ ਵੱਧ ਤੋਂ ਵੱਧ ਸੰਜਮ ਤੇ ਜ਼ਿੰਮੇਵਾਰੀ ਤੋਂ ਕੰਮ ਲੈ ਰਹੀ ਹੈ।
ਪੁਲੀਸ ਦੇ ਦੱਸਣ ਅਨੁਸਾਰ ਕੌਮਾਂਤਰੀ ਸੀਮਾ ਨੇੜੇ ਪੈਂਦੇ ਤਿੰਨ ਜ਼ਿਲ੍ਹਿਆਂ ਦੇ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਹਨ। ਇਨ੍ਹਾਂ ਵਿੱਚ ਜੰਮੂ-ਸਾਂਬਾ ਤੇ ਕਠੂਆ ਜ਼ਿਲ੍ਹਿਆਂ ਦੇ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਆਰਜ਼ੀ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ, ਜਦਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਬੀ ਐਸ ਐਫ ਦੇ ਡਾਇਰੈਕਟਰ ਜਨਰਲ ਡੀ.ਕੇ. ਪਾਠਕ ਦੇ ਸਾਂਬਾ ਤੇ ਜੰਮੂ ਜ਼ਿਲ੍ਹਿਆਂ ’ਚ ਸਰਹੱਦੀ ਚੌਕੀਆਂ ਦਾ ਦੌਰਾ ਕਰਨ ਪਿੱਛੋਂ ਤਰਜ਼ਮਾਨ ਵਿਨੋਦ ਯਾਦਵ ਪਾਕਿ ਰੇਂਜਰਾਂ ਨੇ ਬਿਨਾਂ ਕਿਸੇ ਭੜਕਾਹਟ ਦੇ ਕੌਮਾਂਤਰੀ ਸੀਮਾ ਨਾਲ ਲਗਦੀਆਂ ਬੀ ਐਸ ਐਫ ਦੀਆਂ ਚੌਕੀਆਂ ’ਤੇ ਭਾਰੀ ਫਾਇਰਿੰਗ ਤੇ ਮੋਰਟਾਰ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਸਨ। ਪਾਕਿਸਤਾਨ ਵੱਲੋਂ ਕੀਤੀ ਇਸ ਕਾਰਵਾਈ ’ਚ ਬੀ ਐਸ ਐਫ ਦੀਆਂ 40 ਚੌਕੀਆਂ ਤਬਾਹ ਹੋਈਆਂ ਹਨ। ਕੌਮਾਂਤਰੀ ਸੀਮਾ ’ਤੇ ਆਰਨੀਆ, ਆਰ ਐਸ ਪੁਰਾ, ਕਾਨਾਚੱਕ, ਪਾਰਗਵਲ, ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਨਾਚੱਕ ਤੇ ਪਾਰਗਵਲ ’ਚ ਬੀਐਸਐਫ ਦੀਆਂ ਲਗਪਗ ਸਾਰੀਆਂ ਚੌਕੀਆਂ ਨਿਸ਼ਾਨਾ ਬਣਾਈਆਂ ਗਈਆਂ। ਤਰਜ਼ਮਾਨ ਅਨੁਸਾਰ ਬੀ ਐਸ ਐਫ ਨੇ ਸਭ ਪਾਸੇ ਢੁਕਵਾਂ ਜੁਆਬ ਦਿੱਤਾ ਹੈ।
ਗੋਲੀਬੰਦੀ ਦੀ ਉਲੰਘਣਾ ਸਬੰਧੀ ਡੀ ਜੀ ਐਮ ਓਜ਼ ਵਿਚਾਲੇ ਫੋਨ ਵਾਰਤਾ ਹੋਈ
ਨਵੀਂ ਦਿੱਲੀ/ਇਸਲਾਮਾਬਾਦ : ਜੰਮੂ-ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਕਾਰਨ ਦੋਵਾਂ ਧਿਰਾਂ ਵਿੱਚ ਕਾਫੀ ਤਣਾਅ ਚੱਲ ਰਿਹਾ ਹੈ ਅਤੇ ਦੋਵਾਂ ਮੁਲਕਾਂ ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਬਾਰੇ ਗੱਲਬਾਤ ਕੀਤੀ ਹੈ, ਪਰ ਉਹ ਮਾਮਲਾ ਹੱਲ ਕਰਨ ’ਚ ਸਫਲ ਨਾ ਹੋ ਸਕੇ।
ਡਾਇਰੈਕਟੋਰੇਟ ਜਨਰਲਜ਼ ਆਫ ਮਿਲਟਰੀ ਅਪਰੇਸ਼ਨਜ਼ (ਡੀ ਜੀ ਐਮ ਓਜ਼) ਨੇ ਪੰਜ ਮਿੰਟ ਲਈ ਹਾਟਲਾਈਨ ’ਤੇ ਗੱਲਬਾਤ ਕੀਤੀ ਪਰ ਇਸ ਦੌਰਾਨ ਦੋਵੇਂ ਧਿਰਾਂ ਇਕ-ਦੂਜੇ ’ਤੇ ਉਲੰਘਣਾ ਦੇ ਦੋਸ਼ ਲਾਉਂਦੀਆਂ ਰਹੀਆਂ। ਫੌਜ ਦੇ ਸੂਤਰਾਂ ਅਨੁਸਾਰ ਟੈਲੀਫੋਨ ’ਤੇ ਇਹ ਗੱਲਬਾਤ ਡੀ ਜੀ ਅਹੁਦੇ ਦੇ ਅਧਿਕਾਰੀਆਂ ਵਿਚਾਲੇ ਨਾ ਹੋ ਕੇ ਹੇਠਲੇ ਅਹੁਦੇ ਦੇ ਅਫਸਰਾਂ ਵਿਚਾਲੇ ਸੀ, ਜੋ ਕਿ ਪਰੰਪਰਾ ਅਨੁਸਾਰ ਨਹੀਂ ਸੀ।
ਤਿੰਨਾਂ ਸੈਨਾਵਾਂ ਦੇ ਮੁਖੀ ਰੱਖਿਆ ਮੰਤਰੀ ਨੂੰ ਮਿਲੇ
ਨਵੀਂ ਦਿੱਲੀ: ਗੋਲਾਬਾਰੀ ਨਿਰੰਤਰ ਜਾਰੀ ਰਹਿਣ ਦੇ ਪਿਛੋਕੜ ਵਿੱਚ ਮੰਗਲਵਾਰ ਨੂੰ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਸਰਹੱਦ ਉਪਰਲੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਹੋਇਆ। ਰੱਖਿਆ ਮੰਤਰੀ ਨੂੰ ਦੋਵਾਂ ਦੇਸ਼ਾਂ ਦੇ ਡੀਜੀਐਮਓ’ਜ਼ ਦੇ ਅਮਲੇ ਦਰਮਿਆਨ ਹੋਈ ਫ਼ੋਨ ਵਾਰਤਾ ਬਾਰੇ ਵੀ ਦੱਸਿਆ ਗਿਆ।
ਪਾਕਿਸਤਾਨੀ ਪਾਸੇ ਇਕ ਮੌਤ, 12 ਜਣੇ ਫੱਟੜ
ਲਾਹੌਰ: ਚਨਾਬ ਰੇਂਜਰਜ਼ ਨੇ ਮੰਗਲਵਾਰ ਨੂੰ ‘ਡਾਅਨ’ ਅਖਬਾਰ ਨੂੰ ਦੱਸਿਆ ਕਿ ਬੀਐਸਐਫ ਵੱਲੋਂ ਇਸ ਦਿਨ ਕੀਤੀ ਗਈ ਗੋਲਾਬਾਰੀ ਕਾਰਨ ਸਿਆਲਕੋਟ ਸੈਕਟਰ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਅਤੇ 12 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 9 ਔਰਤਾਂ ਸ਼ਾਮਲ ਹਨ। ਇਕ ਬੰਦਾ ਪਿੰਡ ਬਘਾਰੀ ਵਿੱਚ ਮਰਿਆ ਜਦੋਂਕਿ ਚਾਰ-ਚਾਰ ਔਰਤਾਂ ਗੰਡਿਆਰ ਤੇ ਰੰਗਰੋ ਪਿੰਡਾਂ ਵਿੱਚ ਜ਼ਖ਼ਮੀ ਹੋਈਆਂ।