ਐਨ ਐਨ ਬੀ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਦੀ ਤਰਫੋਂ ਹੋ ਰਹੀ ਅਮਨ ਦੀ ਖਾਹਸ਼ ਨੂੰ ਗਲਤ ਅਰਥਾਂ ਵਿੱਚ ਨਹੀਂ ਸਮਝਣਾ ਚਾਹੀਦਾ ਤੇ ਸਰਹੱਦ ਪਾਰੋਂ ਫੌਰੀ ਫਾਇਰਿੰਗ ਬੰਦ ਕਰਨੀ ਚਾਹੀਦੀ ਹੈ। ਕੌਮੀ ਸੁਰੱਖਿਆ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਉਨ੍ਹਾਂ ਰੂਪ ਵਿੱਚ ਪਾਕਿਸਤਾਨ ਦੀ ਪ੍ਰਮਾਣੂ ਸਮਰੱਥਾ ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਦੋਵੇਂ ਮੁਲਕ ਇਕ-ਦੂਜੇ ਦੀ ‘ਸਮਰੱਥਾ’ ਤੋਂ ਜਾਣੂ ਹਨ ਤੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਸ ਮੀਟਿੰਗ ‘ਚ ਤਿੰਨੇ ਸੈਨਾਵਾਂ ਦੇ ਮੁਖੀ ਤੇ ਹੋਰ ਹਾਜ਼ਰ ਸਨ।
ਡਾਨ ਵਿੱਚ ਛਪੀ ਰਿਪੋਰਟ ਅਨੁਸਾਰ ਸ਼ਰੀਫ ਨੇ ਮੀਟਿੰਗ ਦੌਰਾਨ ਭਾਰਤ ਨੂੰ ਫੌਰੀ ਤੌਰ ‘ਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਦੀ ਮਰਿਆਦਾ ਬਹਾਲ ਕਰਨ ਅਤੇ ਸਥਾਈ ਅਮਨ ਦੀ ਖਾਤਰ ਫਾਇਰਿੰਗ ਬੰਦ ਕਰਨ ਲਈ ਆਖਿਆ ਸੀ। ਨਵਾਜ਼ ਸ਼ਰੀਫ ਨੇ ਮੀਟਿੰਗ ‘ਚ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਦੀ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ‘ਤੇ ਅਮਨ ਕਾਇਮ ਕਰਨ ਤੇ ਤਣਾਅ ਘਟਾਉਣ ਦੀ ਖਾਹਸ਼ ਨੂੰ ਇਸ ਦੀ ਕਮਜ਼ੋਰੀ ਨਾ ਸਮਝਿਆ ਜਾਵੇ। ਮੀਟਿੰਗ ਵਿੱਚ ਆਸ ਪ੍ਰਗਟ ਕੀਤੀ ਗਈ ਕਿ ਦੋਵੇਂ ਮੁਲਕ 2003 ਦੇ ਗੋਲੀਬੰਦੀ ਦੇ ਸਮਝੌਤੇ ਦਾ ਸਤਿਕਾਰ ਕਰਨਗੇ ਤੇ ਸਰਹੱਦ ‘ਤੇ ਅਮਨ-ਅਮਾਨ ਬਣਾ ਕੇ ਰੱਖਣਗੇ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਸਰਹੱਦ ‘ਤੇ ਭਾਰਤ ਦੀ ਚੌਧਰ ਨਹੀਂ ਮੰਨੇਗਾ ਤੇ ਗੋਲੀਬੰਦੀ ਦਾ ਕਰੜਾਈ ਨਾਲ ਜੁਆਬ ਦੇਵੇਗਾ। ਮੀਟਿੰਗ ‘ਚ ਚੋਣਵੇਂ ਕੈਬਨਿਟ ਮੈਂਬਰ, ਤਿੰਨੇ ਸੈਨਾਵਾਂ ਦੇ ਮੁਖੀ ਤੇ ਸਾਂਝੀ ਕਮੇਟੀ ਦੇ ਚੇਅਰਮੈਨ ਅਤੇ ਆਈਐਸਆਈ ਮੁਖੀ ਸ਼ਾਮਲ ਸਨ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੀ ਤਰਜ਼ਮਾਨ ਤਸਨੀਮ ਅਸਲਮ ਨੇ ਕਿਹਾ ਕਿ ਸਰਹੱਦ ‘ਤੇ ਤਣਾਅ ਭਾਰਤ ਨੇ ਪੈਦਾ ਕੀਤਾ ਹੈ ਤੇ ਪਾਕਿਸਤਾਨ ਤਾਂ ਕੇਵਲ ਸਥਿਤੀ ਅਨੁਸਾਰ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਨਹੀਂ ਕੀਤੀ। ਤਸਨੀਮ ਨੇ ਕਸ਼ਮੀਰੀਆਂ ਦੀ ਸੁਰੱਖਿਆ ਦਾ ਵੀ ਜ਼ਿਕਰ ਕੀਤਾ।