Contents
ਪ੍ਰਤਾਪ ਸਿੰਘ ਬਾਜਵਾ ਵੱਲੋਂ ਸੁਖਬੀਰ ਨੂੰ ਚੇਤਾਵਨੀ, ਭਾਜਪਾ ਮਜੀਠਿਆ ਬਾਰੇ ਖਾਮੋਸ਼
ਸ਼ਬਦੀਸ਼
ਚੰਡੀਗੜ – ਕਾਂਗਰਸ ਦੇ ਤੇਜ਼-ਤਰਾਰ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੂੰ ਦਸਤਾਵੇਜ਼ ਸਾਬਕਾ ਪੁਲੀਸ ਮੁਖੀ (ਜੇਲ੍ਹਾਂ) ਸ਼ਸ਼ੀਕਾਂਤ ਨੇ ਮੁਹੱਈਆ ਕਰਵਾਏ ਸਨ ਜਾਂ ਨਹੀਂ, ਇਹ ਤਾਂ ਸਪੱਸ਼ਟ ਨਹੀਂ ਹੈ, ਪਰ ਉਸਦੇ ਇਸ ਦਾਅਵੇ ਕਾਰਨ ਕੇਸ ‘ਚ ਨਵਾਂ ਮੋੜ ਆ ਗਿਆ ਹੈ।
ਇਹਦੇ ਨਾਲ ਹੀ ਪੰਜਾਬ ਪੁਲੀਸ ਨੇ ਵਿੱਤੀ ਖੁਫੀਆ ਵਿੰਗ ਦੇ ਦਸਤਾਵੇਜ਼ਾਂ ’ਚ ਕਥਿਤ ਫਰਜ਼ੀ ਨੰਬਰ ਦਰਜ ਕੀਤੇ ਜਾਣ ਦੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਵਿਰੋਧੀ ਪਾਰਟੀਆਂ ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ’ਚ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਦੇ ਐਸ ਐਸ ਪੀ, ਇਸ ਵਕਤ ਸਾਬਕਾ ਜਾਂਚ ਅਧਿਕਾਰੀ ਸਵਰਨ ਗਾਂਧੀ ਵੱਲੋਂ ਦਸਤਾਵੇਜ਼ਾਂ ਨਾਲ ਕੀਤੀ ਛੇੜਖਾਨੀ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਗਾਂਧੀ ਨੇ ਜਾਂਚ ਟੀਮ ਕੋਲ ਕਬੂਲਿਆ ਹੈ ਕਿ ਉਸ ਨੇ ਦਸਤਾਵੇਜ਼ਾਂ ਨਾਲ ਛੇੜਖਾਨੀ ਕੀਤੀ ਸੀ। ਪੁਲੀਸ ਨੂੰ ਸ਼ੱਕ ਹੈ ਕਿ ਨਿਗਰਾਨੀ ਹੇਠਲੇ ਫੋਨ ਨੰਬਰ ਵਾਲਾ ਵਿਅਕਤੀ ਉੱਤਰ ਭਾਰਤ ’ਚ ਵੱਡੇ ਹਵਾਲਾ ਕਾਰੋਬਾਰ ਦਾ ਹਿੱਸਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਗਾਂਧੀ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਟੈਲੀਫੋਨ ਨੰਬਰ ਦਸਤਾਵੇਜ਼ਾਂ ‘ਚ ਲਿਖਣ ਤੋਂ ਇਨਕਾਰ ਕੀਤਾ ਹੈ।
ਇੱਕ ਪੰਜਾਬੀ ਅਖ਼ਬਾਰ ਦਾ ਦਾਅਵਾ ਹੈ ਕਿ ਮਜੀਠੀਆ ਦਾ ਫੋਨ ਨੰਬਰ ਦਸਤਾਵੇਜ਼ਾਂ ’ਚ 18 ਅਪਰੈਲ, 2011 ਨੂੰ ਦਰਜ ਕੀਤਾ ਗਿਆ, ਜਿਸ ਦੀ ਕਾਪੀ ਉਸ ਕੋਲ ਵੀ ਮੌਜੂਦ ਹੈ। ਇਹ ਫੋਨ ਪਾਬਲਾ ਕੋਲ ਗਿਆ ਅਤੇ ਚੰਡੀਗੜ੍ਹ ਤੋਂ ਹਵਾਲਾ ਰਾਹੀਂ 70 ਲੱਖ ਰੁਪਏ ਦੀ ਰਕਮ ਭੇਜੀ ਗਈ। ਇਸ ’ਚ ਕਿਸੇ ਪਤੇ ਜਾਂ ਫੋਨ ਨੰਬਰ ਦਾ ਜ਼ਿਕਰ ਨਹੀਂ ਹੈ। ਖਹਿਰਾ ਵੱਲੋਂ 17 ਜੁਲਾਈ ਨੂੰ ਪ੍ਰੈੱਸ ਕੋਲ ਇਹ ਫੋਨ ਜਾਰੀ ਕੀਤੇ ਗਏ, ਜਿਨ੍ਹਾਂ ਨੂੰ ਪੁਲੀਸ ਫਰਜ਼ੀ ਕਰਾਰ ਦੇ ਰਹੀ ਹੈ। ਇਸ ’ਚ ਸਾਰੇ ਵੇਰਵੇ ਦਰਜ ਹਨ ਪਰ ਇਕ ਨੰਬਰ ਜੋੜਿਆ ਗਿਆ, ਜੋ ਮਜੀਠੀਆ ਦਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਖਹਿਰਾ ਦਾ ਪੱਖ ਪੂਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਖਹਿਰਾ ਨੂੰ ਪ੍ਰੇਸ਼ਾਨ ਨਾ ਕਰਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਤੰਗ-ਪ੍ਰੇਸ਼ਾਨ ਕਰਨ ਵਿਰੁੱਧ ਤਾੜਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖਹਿਰਾ ਵੱਲੋਂ ਉਠਾਈ ਜਾ ਰਹੀ ਸੱਚੀ ਆਵਾਜ਼ ਸੁਖਬੀਰ ਨੂੰ ਕੌੜੀ ਲੱਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਈਜੀ ਗੌਰਵ ਯਾਦਵ ਵੱਲੋਂ ਖਹਿਰਾ ਵਿਰੁੱਧ ਦਿੱਤਾ ਗਿਆ ਬਿਆਨ ਸ਼ਰਾਰਤ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ੇ ਦੀ ਤਸਕਰੀ ਦੇ ਕੇਸ ’ਚ ਹੱਥ ਪਾਉਣ ਤੋਂ ਪੁਲੀਸ ਨੂੰ ਰੋਕ ਰਹੇ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਵਰਕਰਾਂ ਪਿੱਛੇ ਡਟ ਕੇ ਖੜੀ ਹੈ ਅਤੇ ਪਾਰਟੀ ਸਰਕਾਰ ਦੇ ਬੁਰੇ ਕੰਮਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਰਹੇਗੀ।
ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਵੀ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਵੀ ਤੰਗ-ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਅਤੇ ਕਾਂਗਰਸ ਆਗੂ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ।
ਮਜੀਠੀਆ ਦੇ ਅਸਤੀਫ਼ੇ ਦੇ ਮਾਮਲੇ ’ਤੇ ਭਾਜਪਾ ਖਾਮੋਸ਼
ਓਧਰ ਪੰਜਾਬ ਭਾਜਪਾ ਦੀ ਲੀਡਰਸ਼ਿੱਪ ਨੇ ਬਿਕਰਮ ਸਿੰਘ ਮਜੀਠੀਆ ਦੇ ਅਸਤੀਫ਼ੇ ਦੇ ਮਾਮਲੇ ’ਤੇ ਚੁੱਪ ਧਾਰ ਲਈ ਹੈ ਅਤੇ ਇਸ ਮਾਮਲੇ ’ਤੇ ਕੁਝ ਬੋਲਣ ਲਈ ਤਿਆਰ ਨਹੀਂ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਇਸ ਮਾਮਲੇ ’ਤੇ ਹਾਲੇ ਵਿਚਾਰ ਕਰਨ ਦੀ ਗੱਲ ਆਖ ਕੇ ਸਵਾਲ ਨੂੰ ਟਾਲਦੇ ਨਜ਼ਰ ਆਉਂਦੇ ਹਨ ਜਦੋਂ ਇਹ ਪੁੱਛਿਆ ਗਿਆ ਕਿ ਕਾਂਗਰਸ ਪ੍ਰਧਾਨ ਬਾਜਵਾ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਤਾਂ ਉਨ੍ਹਾਂ ਆਖਿਆ ਕਿ ਉਹ ਮੀਡੀਆ ਰਿਪੋਰਟਾਂ ’ਤੇ ਇਸ ਮਾਮਲੇ ਨੂੰ ਲੈ ਕੇ ਕੋਈ ਟਿੱਪਣੀ ਕਰਨਾ ਜ਼ਰੂਰੀ ਨਹੀਂ ਸਮਝਦੇ। ਇਹਦੇ ਉਲਟ ਉਹ ਨਗਰ ਕੌਂਸਲ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਵਿਚਾਰ-ਚਰਚਾ ਹੋਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਨਗਰ ਨਿਗਮ ਬਠਿੰਡਾ ਦੀਆਂ ਸੀਟਾਂ ਬਾਰੇ ਕੋਈ ਰੌਲਾ ਨਹੀਂ ਹੈ, ਹਾਲਾਂਕਿ ਅੰਤਿਅਮ ਫੈਸਲਾ ਹਾਲੇ ਹੋਣਾ ਹੈ।
ਉਨ੍ਹਾਂ ਭਾਜਪਾ ਆਗੂ ਨਵਜੋਤ ਕੌਰ ਸਿੱਧੂ ਦੇ ਮਾਮਲੇ ’ਤੇ ਆਖਿਆ ਕਿ ਉਨ੍ਹਾਂ ਨੂੰ ਮੀਡੀਆ ਵਿੱਚ ਨਾ ਜਾਣ ਵਾਸਤੇ ਆਖਿਆ ਸੀ, ਪ੍ਰੰਤੂ ਉਹ ਜੋ ਕੁਝ ਵੀ ਕਹਿ ਰਹੇ ਹਨ, ਉਹ ਉਨ੍ਹਾਂ ਦੇ ਆਪਣੇ ਵਿਚਾਰ ਹਨ, ਪਾਰਟੀ ਦੇ ਨਹੀਂ। ਉਨ੍ਹਾਂ ਆਖਿਆ ਕਿ ਉਹ ਡਾ. ਨਵਜੋਤ ਕੌਰ ਸਿੱਧੂ ਨੂੰ ਮੁੜ ਆਖਣਗੇ ਕਿ ਮਾਮਲੇ ਪਾਰਟੀ ਪਲੇਟਫਾਰਮ ’ਤੇ ਹੀ ਉਠਾਏ ਜਾਣ, ਮੀਡੀਆ ਵਿੱਚ ਨਹੀਂ।