ਐਨ ਐਨ ਬੀ
ਬੁਢਲਾਡਾ – ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਪੀਪਲਜ਼ ਪਾਰਟੀ ਆਫ ਪੰਜਾਬ ਸਥਾਪਤ ਕਰਨ ਵਾਲ਼ੇ ਮਨਪ੍ਰੀਤ ਸਿੰਘ ਬਾਦਲ ਨੂੰ ਲਗਦਾ ਹੈ ਕਿ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਚੱਲ ਰਹੀ ਨਰਾਜ਼ਗੀ ਪੰਜਾਬ ਸਰਕਾਰ ਦਾ ਭੋਗ ਪੈ ਸਕਦਾ ਹੈ ਅਤੇ ਰਾਜ ਦੇ ਲੋਕਾਂ ਨੂੰ ਮੱਧਕਾਲੀ ਚੋਣਾਂ ਵਿੱਚ ਬਦਲ ਚੁਣਨ ਦਾ ਮੌਕਾ ਮਿਲ਼ ਸਕਦਾ ਹੈ। ਵਿਧਾਨ ਸਭਾ ਚੋਣਾਂ 2017 ਨੂੰ ਹੋਣੀਆਂ ਹਨ, ਪਰ ਮਨਪ੍ਰੀਤ ਸਿੰਘ 2015 ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਵੇਖ ਰਹੇ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਨੇ ਕਿਹਾ ਉਹ ਇਨ੍ਹਾਂ ਚੋਣਾਂ ਲਈ ਤਿਆਰ ਬਰ ਤਿਆਰ ਹਨ ਅਤੇ ਫਰਵਰੀ 2015 ਤੋਂ ਹਲਕਿਆਂ ਦੀਆਂ ਸਰਗਰਮੀਆਂ ਸ਼ੂਰੂ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਸਾਂਝੇ ਮੋਰਚੇ ਦੇ ਨੇਤਾਵਾਂ ਦੀ ਬੈਠਕ ਵੀ ਜਲਦੀ ਸੱਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਲਹਿਰ ਦੌਰਾਨ ਜਨਤਾ ਦੀ ਨਬਜ਼ ਟਟੋਲ ਰਹੀ ਹੈ ਅਤੇ ਉਹ ਦੋ ਸਾਲ ਤੱਕ ਦਾ ਕੋਈ ਵੀ ਸਿਆਸੀ ਜ਼ੋਖਿਮ ਨਹੀਂ ਉਠਾ ਸਕੇਗੀ। ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕੇਂਦਰ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਦੀਆਂ ਖੁਫੀਆ ਰਿਪਰੋਟਾਂ ਵੀ ਪ੍ਰਾਪਤ ਕਰ ਚੱਕੀ ਹੈ। ਬਾਦਲ ਪਾਰਟੀ ਆਗੂ ਭਗਵਾਨ ਸਿੰਘ ਕਟੋਦੀਆਂ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕਰਨ ਲਈ ਇੱਥੇ ਪੁੱਜੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਰਪੋਰੇਸ਼ਨ ਤੇ ਨਗਰ ਕੌਂਸਲ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਅਤੇ ਪੀਪਲਜ਼ ਪਾਰਟੀ ਇਹ ਚੋਣਾਂ ਹੇਠਲੇ ਪੱਧਰ ’ਤੇ ਕਾਂਗਰਸ ਤੇ ਸੀ.ਪੀ.ਆਈ. ਵਰਕਰਾਂ ਦੀ ਸਹਿਮਤੀ ਨਾਲ ਲੜੇਗੀ। ਇਸੇ ਨੂੰ ਵਿਧਾਨ ਸਭਾ ਚੋਣਾਂ ਦੇ ਗਠਜੋੜ ਦੀ ਸੇਧ ਮੰਨਿਆ ਜਾ ਰਿਹਾ ਹੈ, ਪਰ ਜੇ ਸੀ ਪੀ ਆਈ (ਐਮ) ਨੇ ਲੋਕ ਸਭਾ ਚੋਣਾਂ ਵਾਂਗ ਕਾਂਗਰਸ ਵਿਰੋਧ ਦੇ ਪੁਰਾਣੇ ਰੁਖ਼ ’ਤੇ ਕਾਇਮ ਰਹੀ, ਤਾਂ ਸੀ ਪੀ ਆਈ ਦਾ ਰੁਖ਼ ਕੀ ਰਹੇਗਾ? ਇਹ ਹਾਲੇ ਤੱਕ ਸਪੱਸ਼ਟ ਨਹੀਂ ਹੈ। ਓਦੋਂ ਵੀ ਇਸਨੇ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਬਠਿੰਡਾ ਸੀਟ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਦਾ ਹੀ ਸਾਥ ਦਿੱਤਾ ਸੀ। ਇਸ ਤੋਂ ਇਲਾਵਾ ਦੇਸ਼ ਪੱਧਰੀ ਖੱਬਾ ਮੋਰਚਾ ਰੁਖ਼ ਕਾਇਮ ਰੱਖਿਆ ਗਿਆ ਸੀ।