ਮਹਾਰਾਸ਼ਟਰ ’ਚ ਸਾਨੂੰ ਸ਼ਿਵ ਸੈਨਾ ਨਾਲ ਗੱਠਜੋੜ ਕਰਨਾ ਚਾਹੀਦੈ : ਅਡਵਾਨੀ

0
1176

ਮੀਡੀਆ ਨੇ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਬਾਬਤ ਸਵਾਲ ਨਹੀਂ ਕੀਤਾ

LK-Advani
ਡੇਰਾ ਮੁਖੀ ਨੂੰ ਮਿਲ਼ਣ ਪਿੱਛੋਂ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਲਾਲ ਕ੍ਰਿਸ਼ਨ ਅਡਵਾਨੀ

ਐਨ ਐਨ ਬੀ

ਅੰਮ੍ਰਿਤਸਰ – ਭਾਜਪਾ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਪਹਿਲਾਂ ‘ਮਾਰਗ ਦਰਸ਼ਕ’ ਦੱਸੇ ਜਾਂਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਹਾਰਾਸ਼ਟਰ ਵਿੱਚ 25 ਸਾਲ ਬਾਅਦ ਟੁੱਟਣ ਵਾਲਾ ਗਠਜੋੜ ਬਹਾਲ ਹੋਣ ਦੀ ਆਸ ਹੈ। ਉਹ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਪਿੱਛੋਂ ਦਿੱਲੀ ਰਵਾਨਾ ਹੋਣ ਲਈ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਅਡਵਾਨੀ ਨੇ ਕਿਹਾ ਕਿ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਪੱਖੀ ਨਤੀਜੇ ਆਏ ਹਨ। ਉਨ੍ਹਾਂ ਆਖਿਆ ਮਹਾਰਾਸ਼ਟਰ ਵਿੱਚ ਭਾਜਪਾ ਤੇ ਸ਼ਿਵ ਸੈਨਾ ਦਾ ਵੱਖ ਵੱਖ ਚੋਣਾਂ ਲੜਨਾ ਹੀ ਮੰਦਭਾਗਾ ਸੀ, ਹੁਣ ਭਾਜਪਾ ਨੂੰ ਆਪਣੇ ਪੁਰਾਣੇ ਗਠਜੋੜ ਸ਼ਿਵ ਸੈਨਾ ਨਾਲ ਹੀ ਮੁੜ ਗਠਜੋੜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਐਨ ਸੀ ਪੀ ਨਾਲ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਉਸ ਨਾਲ ਗਠਜੋੜ ਹੋ ਸਕੇਗਾ। ਭਾਜਪਾ ਆਗੂ ਨੇ ਆਖਿਆ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਮੁੜ ਸਾਬਿਤ ਕੀਤਾ ਹੈ ਕਿ ਲੋਕ ਭਾਜਪਾ ਸਰਕਾਰ ਦੇ ਪੱਖ ਵਿੱਚ ਹਨ ਤੇ ਇਹ ਰੁਝਾਨ ਵਿਧਾਨ ਸਭਾ ਚੋਣਾਂ ਵਿੱਚ ਵੀ ਬਰਕਰਾਰ ਹੈ।
ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਬਿਆਸ ਦੇ ਡੇਰਾ ਰਾਧਾ ਸੁਆਮੀ ਵਿਖੇ ਸਤਿਸੰਗ ਸੁਣਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ਉਨ੍ਹਾਂ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਹ ਲੰਗਰ ਹਾਲ ਵੱਲ ਗਏ, ਜਿੱਥੇ ਉਨ੍ਹਾਂ ਡੇਰਾ ਮੁਖੀ ਨਾਲ ਲੰਗਰ ਦੇ ਪ੍ਰਬੰਧ ਦੇਖੇ। ਨੌਂ ਵਜੇ ਦੇ ਕਰੀਬ ਉਹ ਸਤਿਸੰਗ ਹਾਲ ਵਿੱਚ ਗਏ, ਜਿੱਥੇ ਉਨ੍ਹਾਂ ਨੇ ਤਕਰੀਬਨ ਡੇਢ ਘੰਟਾ ਬਿਤਾਇਆ। ਇਸ ਤੋਂ ਬਾਅਦ ਉਨ੍ਹਾਂ ਡੇਰਾ ਮੁਖੀ ਨਾਲ ਦੁਪਹਿਰ ਦਾ ਖਾਣਾ ਖਾਣ ਮਗਰੋਂ ਉਨ੍ਹਾਂ ਨਾਲ ਇੱਕ ਘੰਟੇ ਦੇ ਕਰੀਬ ਗੱਲਬਾਤ ਕੀਤੀ। ਮਜ਼ੇਦਾਰ ਗੱਲ ਹੈ ਕਿ ਨਾ ਤਾਂ ਅਡਵਾਨੀ ਨੇ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਦਾ ਵੇਰਵਾ ਦੱਸਿਆ ਅਤੇ ਨਾ ਹੀ ਮੀਡੀਆ ਕੋਲ ਇਸ ਸਬੰਧੀ ਜਾਣਕਾਰੀ ਲੈਣ ਦੀ ਵਿਹਲ ਸੀ।