ਮਹਾਰਾਸ਼ਟਰ ’ਚ ਸਖ਼ਤ ਸ਼ਰਤਾਂ ਤਹਿਤ ਸ਼ਿਵ ਸੈਨਾ ਵੱਲੋਂ ਸੁਲ੍ਹਾ ਦੇ ਸੰਕੇਤ

0
3533

ਐਨ ਐਨ ਬੀ

ਨਵੀਂ ਦਿੱਲੀ – ਸ਼ਰਦ ਪਵਾਰ ਦੀ ਐਨ ਸੀ ਪੀ ਨੇ ‘ਮਹਾਰਾਸ਼ਟਰ ਦੇ ਹਿੱਤ ਵਿੱਚ’ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ  ਸ਼ਰਤ ਹਮਾਇਤ ਦੀ ਪੇਸ਼ਕਸ਼ ਦੌਰਾਨ ਸ਼ਿਵ  ਸੈਨਾ ਨਾਲ ਵਿਚਾਰਧਾਰਕ ਸਾਂਝ ਦਾ ਹਵਾਲਾ ਦੇ ਕੇ ਸਰਕਾਰ ਵਿੱਚ  ਸ਼ਮੂਲੀਅਤ ਦੇ ਸੰਕੇਤ ਦਿੱਤੇ ਹਨ। ਓਧਰ ਸ਼ਿਵ ਸੈਨਾ ਉਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਵਰਗੇ ਅਹਿਮ ਅਹੁੱਦੇ ਮੰਗ ਰਹੀ ਹੈ। ਇਸੇ ਲਈ ਨਵੀਂ ਸਰਕਾਰ ਦੇ ਗਠਨ ਲਈ ਗੱਲਬਾਤ ਦੀਵਾਲੀ ਤੋਂ ਬਾਅਦ ਤੋਰੀ ਜਾ ਸਕੇਗੀ। ਓਦੋਂ ਤੱਕ ਸ਼ਿਵ ਸੈਨਾ ਆਪਣੀ ਮਰਜ਼ੀ ਦੇ ਮੁੱਖ ਮੰਤਰੀ ਦੀ ਸ਼ਰਤ ਛੱਡ ਵੀ ਸਕਦੀ ਹੈ।
ਨਵੀਂ ਸਰਕਾਰ ਦੇ  ਗਠਨ  ਦੀਆਂ ਅਟਕਲਾਂ ਦੌਰਾਨ ਕੇਂਦਰੀ ਮੰਤਰੀ ਅਤੇ ਭਾਜਪਾ ਦੇ  ਸੀਨੀਅਰ ਆਗੂ ਅਰੁਣ  ਜੇਤਲੀ ਨੇ ਸ਼ਿਵ ਸੈਨਾ ਨਾਲ਼ ਵਿਚਾਰਧਾਰਕ ਸਾਂਝ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਇੱਕ ਟੀ ਵੀ ਚੈਨਲ  ਨਾਲ ਮੁਲਾਕਾਤ ਵਿੱਚ ਉਨ੍ਹਾਂ ਕਿਹਾ  ‘‘ਸਾਡੇ ਸਾਹਮਣੇ ਦੋ  ਪ੍ਰਸਤਾਵ ਹਨ। ਸੈਨਾ  ਨਾਲ ਸਾਡੀ  ਵਿਚਾਰਕ ਸਾਂਝ ਹੈ, ਜਦਕਿ ਐਨ ਸੀ ਪੀ ਨੇ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕੀਤਾ ਹੈ …ਭਾਜਪਾ ਅਤੇ ਸੈਨਾ ਮਹਾਰਾਸ਼ਟਰ ਸਰਕਾਰ ਵਿੱਚ ਭਿਆਲ ਬਾਣ ਸਕਦੀਆਂ ਹਨ, ਪਰ ਜੇ ਕੋਈ ਕਠਿਨਾਈ ਆਈ ਤਾਂ  ਸਾਡੇ ਕੋਲ ਐਨ ਸੀ ਪੀ ਦੀ ਬਿਨਾਂ ਸ਼ਰਤ ਹਮਾਇਤ ਤਾਂ ਹਾਸਲ ਹੈ ਹੀ।’’ ਜੇਤਲੀ ਨੇ ਕਿਹਾ ਕਿ ਹਾਲੇ ਤੱਕ ਸ਼ਿਵ ਸੈਨਾ ਨਾਲ ਬਹੁਤੀ ਗੱਲਬਾਤ ਨਹੀਂ ਹੋ ਸਕੀ ਪਰ ਦੋਵੇਂ ਪਾਰਟੀਆਂ ਕੇਂਦਰ ਅਤੇ ਮਿਉਂਸਿਪਲ ਪੱਧਰ ’ਤੇ  ਕੰਮ ਕਰ ਰਹੀਆਂ ਹਨ।

ਓਧਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ  ਦੇ ਇੰਚਾਰਜ ਓਮ ਮਾਥੁਰ ਨੇ ਇੱਕ ਹੋਰ ਚੈਨਲ ਨਾਲ ਮੁਲਾਕਾਤ ਵਿੱਚ ਆਖਿਆ ‘‘ਸਾਡਾ ਖਿਆਲ ਹੈ ਕਿ ਜਿਹੜੀ  ਪਾਰਟੀ ਇੰਨੇ ਸਾਲਾਂ ਤੋਂ ਸਾਡੇ  ਨਾਲ ਹੈ, ਜੇ ਵਾਪਸ ਆ ਜਾਂਦੀ ਹੈ ਤਾਂ ਅਸੀਂ ਖ਼ੁਸ਼ ਹੋਵਾਂਗੇ। ਪਰ ਜੇ ਨਹੀਂ ਆਉਂਦੀ ਤਾਂ ਰਾਜਨੀਤੀ ਵਿੱਚ ਸਾਰੇ ਰਾਹ ਖੁੱਲ੍ਹੇ ਰਹਿੰਦੇ ਹਨ।’’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ  ਐਨ ਸੀ ਪੀ ਨਾਲ ਗੱਠਜੋੜ ਦੀ ਸੰਭਾਵਨਾ ਖਾਰਜ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਕਦੇ ਵੀ ਕੋਈ ਵੀ ਸੰਭਾਵਨਾ ਖਾਰਜ ਨਹੀਂ ਕੀਤੀ ਜਾਂਦੀ। ਉਨ੍ਹਾਂ ਮਜ਼ਾਕੀਆ ਲਹਿਜੇ ਵਿੱਚ ਕਿਹਾ ‘‘ਅਸੀਂ ਸਵੰਬਰ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਇਸ ਲਈ ਸਾਨੂੰ ਗੱਲਬਾਤ ਦੀ ਪ੍ਰਕਿਰਿਆ ਤੋਂ ਬਾਅਦ ਢੁਕਵੇਂ ਪੜਾਅ ’ਤੇ ਫੈਸਲਾ ਕਰਨਾ ਪਵੇਗਾ।’’ ਇਹ ਅਟਕਲਾਂ ਵੀ ਲੱਗ ਰਹੀਆਂ ਹਨ ਕਿ ਭਾਜਪਾ ਰਾਜ ਵਿੱਚ ਗਠਜੋੜ ਸਿਆਸਤ ਦਾ ਭੋਗ ਪਾਏ ਜਾਣ ਦੇ ਅੰਤਿਮ ਉਦੇਸ਼ ਲਈ ਵਤਕੀ ਤੌਰ ’ਤੇ ਐਨ ਸੀ ਪੀ ਅਤੇ ਕੁਝ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਸਰਕਾਰ ਬਣਾ ਸਕਦੀ ਹੈ।