ਹਰਿਆਣਾ ਦੀ ਤਰਜ਼ ’ਤੇ ਦੌੜ ਵਿੱਚ ਸ਼ਾਮਲ ਆਗੂ ਹਾਮੀ ਭਰਨ ਲਈ ਅੱਗੇ ਆਏ
ਐਨ ਐਨ ਬੀ
ਮੁੰਬਈ – ਦੇਵੇਂਦਰ ਫੜਨਵੀਸ ਨੂੰ ਅੱਜ ਮਹਾਰਾਸ਼ਟਰ ਵਿੱਚ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ, ਜਿਸ ਨਾਲ ਉਨ੍ਹਾਂ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। 44 ਸਾਲਾ ਫੜਨਵੀਸ ਸੂਬੇ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਹੋਣਗੇ। ਮਹਾਰਾਸ਼ਟਰ ਭਾਜਪਾ ਇਕਾਈ ਦੇ ਪ੍ਰਧਾਨ ਫੜਨਵੀਸ ਦਾ ਨਾਮ ਜਾ ਰਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਏਕਨਾਥ ਖੜਗੇ ਨੇ ਪੇਸ਼ ਕੀਤਾ ਤੇ ਵਿਧਾਨ ਕੌਂਸਲ ਵਿੱਚ ਉਨ੍ਹਾਂ ਦੇ ਹਮਰੁਤਬਾ ਵਿਨੋਦ ਤਾਵੜੇ, ਪਾਰਟੀ ਦੇ ਕੋਰ ਗਰੁੱਪ ਦੇ ਮੈਂਬਰਾਂ ਸੁਧੀਰ ਮੁੰਗਤੀਵਰ ਤੇ ਪੰਕਜਾ ਮੁੰਡੇ ਨੇ ਇਸ ਦੀ ਤਾਈਦ ਕੀਤੀ। ਦੇਵੇਂਦਰ ਫੜਨਵੀਸ ਦੇ ਨਾਂ ਦੀ ਤਾਈਦ ਕਰਨ ਵਾਲ਼ੇ ਕਈ ਨੇਤਾ ਆਖਰੀ ਦਿਨ ਤੱਕ ਦੌੜ ਵਿੱਚ ਸ਼ਾਮਲ ਸਨ। ਪੰਕਜਾ ਮੁੰਡੇ ਦਾ ਨਾਂ ਤਾਂ ਸ਼ਿਵ ਸੈਨਾ ਦੇ ਸਹਿਯੋਗ ਦੀ ਲੋੜ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਭਾਜਪਾ ਨੇ ਹਰਿਆਣਾ ਵਿਧਾਇਕ ਦਲ ਦੇ ਆਗੂ ਦੀ ਚੋਣ ਵਾਂਗ ਹੀ ਮਹਾਰਾਸ਼ਟਰ ਦੇ ਤ ਤਮਾਮ ਕੱਦਾਵਰ ਨੇਤਾਵਾਂ ਤੋਂ ਤਾਈਦ ਕਰਵਾਈ ਹੈ ਅਤੇ ਸ਼ਿਵ ਸੈਨਾ ਨੂੰ ਵੀ ਮੁੱਖ ਮੰਤਰੀ ਦੇ ਸਵਾਲ ’ਤੇ ਨਿਖੇੜ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਦੇ ਜਨਰਲ ਸਕੱਤਰ ਤੇ ਰਾਜ ਵਿੱਚ ਪਾਰਟੀ ਮਾਮਲਿਆਂ ਦੇ ਇੰਚਾਰਜ ਜੇ ਪੀ ਨੱਡਾ, ਜਿਨ੍ਹਾਂ ਨੂੰ ਇਸ ਚੋਣ ਲਈ ਕੇਂਦਰੀ ਅਬਜ਼ਰਵਰ ਲਾਇਆ ਗਿਆ ਸੀ, ਦੀ ਹਾਜ਼ਰੀ ਵਿੱਚ ਜਿੱਤੇ ਵਿਧਾਇਕਾਂ ਨੇ ਸਰਬਸੰਮਤੀ ਨਾਲ 44 ਸਾਲਾ ਫੜਨਵੀਸ ਨੂੰ ਆਗੂ ਬਣਾਏ ਜਾਣ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ। ਨਵੀਂ ਸਰਕਾਰ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਮੰਤਰੀ ਮੰਡਲ ਦੇ ਕਈ ਮੰਤਰੀਆਂ ਤੇ ਭਾਜਪਾ ਦੇ ਰਾਜ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਹਾਜ਼ਰੀ ਵਿੱਚ ਵਾਨਖੇੜਾ ਸਟੇਡੀਅਮ ਵਿੱਚ ਸਹੁੰ ਚੁੱਕੇਗੀ।
ਫੜਨਵੀਸ ਆਰ ਐਸ ਐਸ ਦੇ ਹੀ ਚਹੇਤੇ ਨਹੀਂ ਹਨ, ਬਲਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਪਾਰਟੀ ਮੁਖੀ ਅਮਿਤ ਸ਼ਾਹ ਦਾ ਥਾਪੜਾ ਵੀ ਹਾਸਲ ਹੈ। ਮਰਾਠਾ ਸਿਆਸਤ ਤੇ ਸਿਆਸਤਦਾਨਾਂ ਦੇ ਗੜ੍ਹ ਵਾਲੇ ਸੂਬੇ ਵਿੱਚ ਫੜਨਵੀਸ ਕੇਵਲ ਦੂਜੇ ਬ੍ਰਾਹਮਣ ਹਨ, ਜੋ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣ ਰਹੇ ਹਨ। ਇਸ ਤੋਂ ਪਹਿਲਾਂ ਭਾਈਵਾਲ ਪਾਰਟੀ ਸ਼ਿਵ ਸੈਨਾ ਦੇ ਮਨੋਹਰ ਜੋਸ਼ੀ ਮੁੱਖ ਮੰਤਰੀ ਬਣੇ ਸਨ। ਜਨਸੰਘ ਦੌਰ ਦੇ ਭਾਜਪਾ ਆਗੂ ਮਰਹੂਮ ਗੰਗਾਧਰ ਫੜਨਵੀਸ ਦੇ ਪੁੱਤਰ ਦੇਵੇਂਦਰ ਫੜਨਵੀਸ ਨੂੰ ਗੁੜਤੀ ਹੀ ਸਿਆਸਤ ਦੀ ਮਿਲੀ ਸੀ। 1989 ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਬਣੇ ਫੜਨਵੀਸ 22 ਸਾਲ ਦੀ ਉਮਰੇ ਨਾਗਪੁਰ ਸ਼ਹਿਰੀ ਬਾਡੀ ਦੇ ਕਾਰਪੋਰੇਟਰ ਤੇ 1997 ’ਚ 27 ਸਾਲ ਦੀ ਉਮਰੇ ਮੇਅਰ ਵੀ ਬਣ ਗਏ ਸਨ। 1999 ’ਚ ਪਹਿਲੀ ਅਸੈਂਬਲੀ ਚੋਣ ਜਿੱਤਣ ਮਗਰੋਂ ਇਸ ਆਗੂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ