ਮਹਾਰਾਸ਼ਟਰ : ਭਾਜਪਾ-ਸ਼ਿਵ ਸੈਨਾ ਮੀਟਿੰਗਾਂ ਦਾ ਸਿਲਸਿਲਾ ਜਾਰੀ, ਪਰ ਹਾਲੇ ‘ਸ਼ੁਭ ਸੰਕੇਤ’ ਨਹੀਂ

0
1214

Uddav Thackeray

ਐਨ ਐਨ ਬੀ

ਮੁੰਬਈ – ਭਾਜਪਾ ਵੱਲੋਂ ਮਹਾਰਾਸ਼ਟਰ ‘ਚ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸ਼ਿਵ ਸੈਨਾ ਨੇ ਵੀ ਸਮਰਥਨ ਦੇਣ ਬਾਰੇ ਬੈਠਕਾਂ ਦਾ ਸਿਲਸਿਲਾ ਆਰੰਭ ਦਿੱਤਾ ਹੈ। ਓਧਰ ਸ਼ਿਵ ਸੈਨਾ ਮੁਖੀ ਊੂਧਵ ਠਾਕਰੇ ਨੇ ਸੀਨੀਅਰ ਆਗੂਆਂ ਨਾਲ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ, ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਸ਼ਿਵ ਸੈਨਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਚ ਸ਼ਾਮਲ ਹੋਣ ਜਾ ਰਹੀ ਹੈ। ਸਿਆਸੀ ਮਾਹਰਾਂ ਮੁਤਾਬਕ ਚੋਣਾਂ ਤੋਂ ਪਹਿਲਾਂ ਬਹੁਤੀ ਬੜਬੋਲੀ ਸ਼ਿਵ ਸੈਨਾ ਜ਼ਾਹਰਾ ਤੌਰ ’ਤੇ ਨਰਮ ਲਗਦੀ ਹੈ, ਪਰ ਸ਼ਰਤਾਂ ਮਨਾਏ ਜਾਣ ਦੀ ਧਾਰੀ ਬੈਠੀ ਹੈ। ਭਾਜਪਾ ਸ਼ਰਤਾਂ ਦੀ ਸੂਚੀ ਜ਼ੀਰੋ ਤੱਕ ਹੇਠਾਂ ਗਿਰਾ ਦੇਣ ਦੀ ਰਣਨੀਤੀ ਘੜ ਰਹੀ ਹੈ, ਕਿਉਂਕਿ ਜੇ ਸ਼ਰਤਾਂ ਹੀ ਮੰਨਣੀਆਂ ਹਨ ਤਾਂ ਉਹ ਐਨ ਸੀ ਪੀ ਦੀ ਬਿਨਾ ਸ਼ਰਤ ਹਮਾਇਤ ਲੈ ਕੇ ਛੋਟੀਆਂ ਧਿਰਾਂ ਸਦਕਾ ਸ਼ਿਵ ਸੈਨਾ ਨੂੰ ਨਿਖੇੜ ਸਕਦੀ ਹੈ। ਭਾਜਪਾ ਦਾ ਹਿੰਦੁਤਵਵਾਦੀ ਵੋਟਾਂ ਦੀਆਂ ਭਾਈਵਾਲ ਪਾਰਟੀ ਪ੍ਰਤੀ ਨਜ਼ਰੀਆ ਹੋਰਨਾਂ ਨਾਲ਼ੋਂ ਵੱਖਰਾ ਹੋਣ ਜਾ ਰਿਹਾ ਹੈ। ਇਸੇ ਲਈ ਉਹ ਸ਼ਿਵ ਸੈਨਾ ਨਾਲ਼ ਅਸਲ ਚਰਚਾ ਸ਼ੁੱਕਰਵਾਰ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੀ ਕਰਨ ਦੇ ਰੌਂਅ ਵਿੱਚ ਹੈ।।
ਸੈਨਾ ਦੇ ਤਰਜ਼ਮਾਨ ਨੀਲਮ ਗੋੜੇ ਨੇ ਊੂਧਵ ਦੀ ਰਿਹਾਇਸ਼ ‘ਮਾਤੋਸ਼੍ਰੀ’ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ‘ਚ ਸ਼ਾਮਲ ਹੋਣ ਬਾਰੇ ਅੰਤਿਮ ਫੈਸਲਾ ‘ਊੂਧਵ ਜੀ’ ਲੈਣਗੇ। ਭਾਜਪਾ ਚਾਹੁੰਦੀ ਹੈ ਕਿ ਸ਼ਿਵ ਸੈਨਾ ਸਰਕਾਰ ‘ਚ ਸ਼ਾਮਲ ਹੋਵੇ ਪਰ ਪਹਿਲਾਂ ਕੋਈ ਸ਼ਰਤ ਨਾ ਰੱਖੀ ਜਾਵੇ। ਭਾਜਪਾ ਦੇ ਨਵੇਂ ਥਾਪੇ ਗਏ ਮਹਾਰਾਸ਼ਟਰ ਦੇ ਇੰਚਾਰਜ ਜੇ ਪੀ ਨੱਢਾ ਨੇ ਕਿਹਾ ਕਿ ਸੈਨਾ ਨੂੰ ਸਰਕਾਰ ‘ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਛੇਤੀ ਹੀ ਹਾਂ-ਪੱਖੀ ਹੁੰਗਾਰਾ ਮਿਲੇਗਾ।
ਭਾਜਪਾ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਸਹੁੰ ਚੁੱਕ ਸਮਾਗਮ ਲਈ ਊੂਧਵ ਠਾਕਰੇ ਨੂੰ ਸੱਦਾ ਭੇਜਿਆ ਹੈ। ਇਹ ਉਨ੍ਹਾਂ ‘ਤੇ ਨਿਰਭਰ ਹੈ ਕਿ ਉਹ ਸਮਾਗਮ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਊੂਧਵ ਠਾਕਰੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਗਮ ‘ਚ ਹਾਜ਼ਰ ਨਹੀਂ ਹੋਏ ਸਨ।