ਮਹਾਰਾਸ਼ਟਰ ਵਿੱਚ ਭਾਜਪਾ ਸਭ ਨੂੰ ਪਛਾੜ ਕੇ ਜੇਤੂ ਰਹੀ, ਪਰ…

0
583
Farhanvis
ਭਾਜਪਾ ਆਗੂ ਦੇਵੇਂਦਰ ਫੜਨਵੀਸ ਜਿੱਤ ਦਾ ਜਸ਼ਨ ਮਨਾਉਂਦੇ ਹੋਏ

ਐਨ ਐਨ ਬੀ

ਮੁੰਬਈ – ਮਹਾਰਾਸ਼ਟਰ ਵਿੱਚ ਕਾਂਗਰਸ-ਐਨ ਸੀ ਪੀ ਦੇ ਗੜ੍ਹ ਵਿੱਚ ਸੰਨ੍ਹ ਲਾ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਨਤੀਜਿਆਂ ਮੁਤਾਬਕ ਪਾਰਟੀ ਨੂੰ ਰਾਜ ਵਿੱਚ 123 ਸੀਟਾਂ ਮਿਲੀਆਂ ਹਨ, ਜਦਕਿ ਕਾਂਗਰਸ ਨੂੰ 42, ਸ਼ਿਵ ਸੈਨਾ ਨੂੰ 63 ਅਤੇ ਐਨ ਸੀ ਪੀ ਨੂੰ 41 ਸੀਟਾਂ ਮਿਲੀਆਂ। ਸ਼ਿਵ ਸੈਨਾ ਨਾਲੋਂ ਤੋੜ-ਵਿਛੋੜਾ ਕਰ ਕੇ ਆਪਣੇ ਬਲਬੂਤੇ ਚੋਣਾਂ ਲੜਦਿਆਂ ਪਾਰਟੀ 288 ਮੈਂਬਰੀ ਵਿਧਾਨ ਸਭਾ ਵਿੱਚ 123 ਸੀਟਾਂ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਪਰ ਉਹ ਬਹੁਮਤ ਦੇ ਜਾਦੂਈ ਅੰਕੜੇ 145 ਤੱਕ ਨਹੀਂ ਪੁੱਜ ਸਕੀ। ਸ਼ਿਵ ਸੈਨਾ ਨੂੰ 63 ਸੀਟਾਂ ਮਿਲੀਆਂ, ਜਦਕਿ 41 ਸੀਟਾਂ ਉੱਤੇ ਜਿੱਤੀ ਐਨ ਸੀ ਪੀ ਨੇ ਸਰਕਾਰ ਬਣਾਉਣ ਲਈ ਭਾਜਪਾ ਨੂੰ ਬਾਹਰੋਂ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਫਿਰ ਵੀ ਭਾਜਪਾ ਸ਼ਿਵ ਸੈਨਾ ਨੂੰ ਗਠਜੋੜ ਸਰਕਾਰ ਬਣਾਏ ਜਾਣ ਲਈ ਮਨਾ ਰਹੀ ਹੈ, ਕਿਉਂਕਿ ਸੱਤਾ ਸੰਘਰਸ਼ ਵਿੱਚ ਨਿਖੇੜੇ ਦੇ ਬਾਵਜੂਦ ਹਿੰਦੁਤਵ ਦੇ ਏਜੰਡੇ ’ਤੇ ਸ਼ਿਵ ਸੈਨਾ ਸਭ ਤੋਂ ਨੇੜਲੀ ਸਿਆਸੀ ਸਹਿਯੋਗੀ ਹੈ।

ਓਧਰ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਅੱਜ ਸੰਕੇਤ ਦਿੱਤਾ ਕਿ ਉਹ ਭਾਜਪਾ ਦੀ ਹਮਾਇਤ ਨਹੀਂ ਕਰਨਗੇ, ਕਿਉਂਕਿ ਪਿਛਲੇ ਪੰਦਰਾਂ ਸਾਲਾਂ ਤੋਂ ਕਾਂਗਰਸ ਨਾਲ ਮਿਲ ਕੇ ਸੱਤਾ ਦਾ ਸੁੱਖ ਮਾਣ ਰਹੀ ਐਨ ਸੀ ਪੀ ਨੇ ਬਿਨਾਂ ਸ਼ਰਤ ਭਗਵਾਂ ਪਾਰਟੀ ਨੂੰ ਹਮਾਇਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਐਨ ਸੀ ਪੀ ਨੂੰ ‘ਰਾਸ਼ਟਰਵਾਦੀ ਭ੍ਰਿਸ਼ਟ ਪਾਰਟੀ’ ਗਰਦਾਨ ਚੁੱਕੇ ਹਨ। ਵੈਸੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਸ਼ਿਵ ਸੈਨਾ ਭਾਜਪਾ ਨੂੰ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਮੰਗੇ ਜਾਣ ’ਤੇ ਹਮਾਇਤ ਦੇਵੇਗੀ। ਇਸਨੂੰ ਸ਼ਿਵ ਸੈਨਾ ਦਾ ਕੀਮਤ ਵਧਾਊ ਪੈਂਤੜਾ ਮੰਨਿਆ ਜਾ ਰਿਹਾ ਹੈ, ਜੋ ਹਮੇਸ਼ਾ ਭਾਜਪਾ ਤੋਂ ਵੱਡੇ ਹੋਣ ਦੀ ਹੈਸੀਅਤ ਵਿੱਚ ਸਿਆਸਤ ਕਰਦੀ ਰਹੀ ਹੈ।
ਮਹਾਰਾਸ਼ਟਰ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਾ ਹੋਣ ’ਤੇ ਭਾਜਪਾ ਵੱਲੋਂ ਐਨ ਸੀ ਪੀ ਦੀ ਬਿਨਾਂ ਸ਼ਰਤ ਹਮਾਇਤ ਕਰਨ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਊਧਵ ਠਾਕਰੇ ਨੇ ਕਿਹਾ, ‘‘ਮੈਂ ਆਰਾਮ ਨਾਲ ਆਪਣੇ ਘਰ ਬੈਠਾ ਹਾਂ ਤੇ ਜੇ ਕੋਈ ਸਾਡੀ ਹਮਾਇਤ ਦੀ ਲੋੜ ਸਮਝਦਾ ਹੈ ਤਾਂ ਉਹ ਸਾਡੇ ਤੱਕ ਪਹੁੰਚ ਕਰ ਸਕਦਾ ਹੈ। ਮੈਂ ਆਪਣੇ-ਆਪ ਜਾ ਕੇ ਕਿਵੇਂ ਹਮਾਇਤ ਦੀ ਪੇਸ਼ਕਸ਼ ਕਰ ਸਕਦਾ ਹਾਂ?’’ ਠਾਕਰੇ ਨੇ ਕਿਹਾ, “ਜੇ ਮੈਂ ਭਾਜਪਾ ਕੋਲ ਪਹੁੰਚ ਕਰਾਂ ਤੇ ਉਹ ਨਾਂਹ ਕਰ ਦੇਣ ਤੇ ਅੱਗੇ ਤੋਂ ਐਨ ਸੀ ਪੀ ਦੀ ਹਮਾਇਤ ਹਾਸਲ ਹੋਣ ਬਾਰੇ ਕਹਿਣ ਤਾਂ ਫਿਰ ਕੀ ਕਰਾਂਗੇ।” ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਮਰਜ਼ੀ ਹੈ ਕਿ ਉਸ ਨੇ ਐਨ ਸੀ ਪੀ ਦੀ ਹਮਾਇਤ ਲੈਣੀ ਹੈ। ਜੇ ਭਾਜਪਾ ਇਕਮੁੱਠ ਮਹਾਰਾਸ਼ਟਰ ਦਾ ਭਰੋਸਾ ਦਿੰਦੀ ਹੈ ਤਾਂ ਉਹ ਹਮਾਇਤ ਲਈ ਤਿਆਰ ਹਨ।

ਮੋਦੀ-ਅਮਿਤ ਸ਼ਾਹ ਜੋੜੀ ਨੇ ਕਾਂਗਰਸ ਦੇ ਗੜ੍ਹ ਤੋੜੇ

ਭਾਜਪਾ ਮਹਾਰਾਸ਼ਟਰ ਵਿੱਚ ਪੂਰਨ ਬਹੁਮਤ ਤੋਂ ਪਛੜ ਗਈ ਪਰ ਇਸ ਭਗਵਾ ਪਾਰਟੀ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੋੜੀ ਕਾਂਗਰਸ ਦੇ ਰਵਾਇਤੀ ਗੜ੍ਹ ਅੰਦਰ ਗੰਭੀਰ ਸੰਨ੍ਹ ਮਾਰੀ ਹੈ ਅਤੇ ਸ਼ਿਵ ਸੈਨਾ ਦਾ ਭਰਮ ਵੀ ਤੋੜ ਦਿੱਤਾ ਹੈ। ਹਰਿਆਣਾ ਵਿੱਚ ਸਪੱਸ਼ਟ ਬਹੁਮਤ ਨੇ ਇਸ ਜੋੜੀ ਦੇ ਇਸ ਨੁਕਤੇ ਦੀ ਪ੍ਰੋੜ੍ਹਤਾ  ਕੀਤੀ ਹੈ ਕਿ ਭਾਜਪਾ ਨੂੰ ਆਪਣੀ ਸੁਤੰਤਰ ਸਮਰੱਥਾ ਅਤੇ ਸੰਭਾਵਨਾਵਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਹਰਿਆਣਾ ਵਿੱਚ ਹਰਿਆਣਾ ਜਨਹਿਤ ਕਾਂਗਰਸ ਨਾਲੋਂ ਤੋੜ-ਵਿਛੋੜੇ ਦੀ ਜ਼ਿੰਮੇਵਾਰੀ ਸ਼ਾਹ ਨੇ ਹੀ ਓਟੀ ਸੀ। ਹੁਣ ਅਮਿਤ ਸ਼ਾਹ ਆਖ ਰਹੇ ਹਨ ਕਿ ਭਾਜਪਾ ਨੇ ਕੋਈ ਗੱਠਜੋੜ ਨਹੀਂ ਤੋੜਿਆ ਸੀ, ਸ਼ਿਵ ਸੈਨਾ ਸਿਰਫ ਤਿੰਨ ਸੀਟਾਂ ਦੇ ਰੌਲੇ ਕਾਰਨ ਭਾਜਪਾ ਤੋਂ ਵੱਖ ਹੋਈ ਸੀ। ਇਨ੍ਹਾਂ ਚੋਣ ਨਤੀਜਿਆਂ ਤੋਂ ਸਪਸ਼ਟ ਹੋ ਗਿਆ ਕਿ ਸਹੀ ਕੌਣ ਸੀ। ਸ਼ਾਹ ਨੇ ਕਿਹਾ ਕਿ ਸ਼ਿਵ ਸੈਨਾ ਨੇ ਭਾਜਪਾ ਨੂੰ 119 ਸੀਟਾਂ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਪਾਰਟੀ ਨੇ ਇਸ ਤੋਂ ਵੱਧ ਸੀਟਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ 2009 ਵਿੱਚ ਮਹਾਰਾਸ਼ਟਰ ਵਿੱਚ ਪਾਰਟੀ ਦੇ 14 ਫੀਸਦੀ ਵੋਟਾਂ ਨਾਲ 56 ਵਿਧਾਇਕ ਸਨ, ਜਦਕਿ ਹੁਣ 28 ਫੀਸਦ ਵੋਟ ਹਿੱਸਾ ਹੈ।