ਮਾਇਆਵਤੀ ਵੀ ਹੁਣ ਬਣ ਗਈ ਹੈ ‘ਮਾਇਆਧਾਰੀ

0
876

222222

ਬਸਪਾ ’ਚੋਂ ਬਾਹਰ ਕੀਤੇ ਜੰਡਾਲੀ ਨੇ ਲਾਏ ਦੋਸ਼

ਜਲੰਧਰ – ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਅਤੇ ਮਾਇਆਵਤੀ ’ਤੇ ਮਾਇਆਧਾਰੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਨਰਿੰਦਰ ਕਸ਼ਅਪ ਅਤੇ ਪ੍ਰਕਾਸ਼ ਭਾਰਤੀ ਨੇ ਸਾਜ਼ਿਸ਼ ਦੇ ਤਹਿਤ ਉਨ੍ਹਾਂ ਨੂੰ ਪਾਰਟੀ ’ਚੋਂ ਕਢਵਾਇਆ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਸਮੇਤ ਸੂਬੇ ’ਚ ਲਗਾਤਾਰ ਪਾਰਟੀ ਦਾ ਵੋਟ ਬੈਂਕ ਘਟ ਰਿਹਾ ਹੈ ਜਿਸ ਲਈ ਸਿੱਧੇ ਤੌਰ ’ਤੇ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਮਾਇਆਵਤੀ ਹੁਣ ਮਾਇਆਧਾਰੀ ਹੋ ਗਈ ਹੈ ਅਤੇ ਆਪਣੇ ਵਰਕਰਾਂ ਤੋਂ ਦੂਰ ਹੋਣ ਕਾਰਨ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ।

ਮੀਡੀਆ ਅੱਗੇ ਆਪਣੀ ਭੜਾਸ ਕੱਢਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਹੋਣ ਦੇ ਬਾਵਜੂਦ ਵੀ ਸੂਬੇ ਦੇ ਸੰਗਠਨ ’ਚ ਇਕ ਵੀ ਵਰਕਰ ਉਨ੍ਹਾਂ ਦੀ ਪਸੰਦ ਦਾ ਨਹੀਂ ਸੀ , ਜਦਕਿ ਸੰਗਠਨ ਦੀ ਜ਼ਿੰਮੇਵਾਰੀ ਸੂਬਾ ਪ੍ਰਧਾਨ ਦੀ ਹੁੰਦੀ ਹੈ, ਪਰ ਨਰਿੰਦਰ ਕਸ਼ਅਪ ਨੇ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਹੀ ਸੰਗਠਨ ‘ਚ ਵਰਕਰਾਂ ਦੀ ਨਿਯੁਕਤੀਆਂ ਕੀਤੀਆਂ ਸਨ, ਜਿਸ ‘ਚ ਪਾਰਟੀ ਦੇ ਅਸਲ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਵੱਲੋਂ ਪਾਰਟੀ ਦੇ ਵਰਕਰਾਂ ਦੀ ਨਹੀਂ ਸਗੋਂ ਕਰੀਮਪੁਰੀ, ਕਸ਼ਿਅਪ ਅਤੇ ਭਾਰਤੀ ਵਰਗੇ ਜੀ ਹਜ਼ੂਰੀਆਂ  ਦੀ ਗੱਲ ਹੀ ਸੁਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਹੀ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਨੂੰ ਗੁੰਮਰਾਹ ਕੀਤਾ ਗਿਆ ਅਤੇ ਪਾਰਟੀ ਪ੍ਰਧਾਨ ਨੇ ਬਿਨਾਂ ਪੱਖ ਸੁਣੇ ਹੀ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਤਿੰਨੋਂ ਆਗੂ ਹੀ ਸੂਬੇ ਤੋਂ ਬਾਹਰਲੇ ਹਨ ਅਤੇ ਇਹ ਤੱਥ ਜੱਗ ਜ਼ਾਹਰ ਹੈ ਕਿ ਚੋਣਾਂ ਵੇਲੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਰੀਮਪੁਰੀ, ਕਸ਼ਿਅਪ ਅਤੇ ਭਾਰਤੀ ’ਤੇ ਪਾਰਟੀ ਫੰਡ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪਾਰਟੀ ਕਾਸ਼ੀ ਰਾਮ ਦੇ ਮਿਸ਼ਨ ਨੂੰ ਭੁੱਲ ਚੁੱਕੀ ਹੈ ਅਤੇ ਮਾਇਆਵਤੀ ਨਹੀਂ ਚਾਹੁੰਦੀ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਕਿਸੇ ਹੋਰ ਰਾਜ ‘ਚ ਬਸਪਾ ਦੀ ਸਰਕਾਰ ਬਣੇ। ਆਪਣੇ ਸਿਆਸੀ ਭਵਿੱਖ ਬਾਰੇ  ਉਨ੍ਹਾਂ ਕਿਹਾ ਕਿ ਉਹ ਪਾਰਟੀ ਤੋਂ ਬਾਹਰ ਬੈਠੇ ਵਰਕਰਾਂ ਨਾਲ ਮਿਲ ਕੇ ਹੀ ਕੋਈ ਫੈਸਲਾ ਲੈਣਗੇ ਪਰ ਉਹ ਬਸਪਾ ‘ਚ ਵਾਪਸ ਨਹੀਂ ਜਾਣਗੇ।

ਉਨ੍ਹਾਂ ਐਲਾਨ ਕੀਤਾ ਕਿ ਆਉਂਦੀ 9 ਅਕਤੂਬਰ ਨੂੰ ਉਹ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਕਾਸ਼ੀ ਰਾਮ ਦੀ ਬਰਸੀ ਨੂੰ ‘ਸੰਕਲਪ ਦਿਵਸ’ ਦੇ ਰੂਪ ‘ਚ ਮਨਾਉਣਗੇ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਮੁਹਿੰਮ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਪਾਰਟੀ ਦੀ 12 ਸਤੰਬਰ ਨੂੰ ਹੋਈ ਲਖਨਊ ਵਿਖੇ ਬੈਠਕ ’ਚ ਸ੍ਰੀ ਜੰਡਾਲੀ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਸੀ।