ਐਨ ਐਨ ਬੀ
ਜਲੰਧਰ – ਪੰਜਾਬੀ ਦੇ ਨਾਮਵਰ ਗਾਇਕ ਮਾਸਟਰ ਸਲੀਮ ਦੇ ਪਾਸਪੋਰਟ ਸਮੇਤ ਛੇ ਜਣਿਆਂ ਦੇ ਪਾਸਪੋਰਟ ਚੋਰੀ ਹੋ ਗਏ ਹਨ। ਇਹ ਪਾਸਪੋਰਟ ਉਦੋਂ ਚੋਰੀ ਹੋਏ ਹਨ ਜਦੋਂ ਮਾਸਟਰ ਸਲੀਮ ਤੇ ਉਨ੍ਹਾਂ ਦੀ ਟੀਮ ਕੈਨੇਡਾ ’ਚ ਸ਼ੋਅ ਕਰਨ ਲਈ ਜਾ ਰਹੀ ਸੀ ਤੇ ਵੀਜ਼ਾ ਲਗਵਾਉਣ ਵਾਸਤੇ ਪਾਸਪੋਰਟ ਭੇਜੇ ਸਨ। ਗਾਇਕ ਮਾਸਟਰ ਸਲੀਮ ਦੇ ਮੈਨੇਜਰ ਅਭਿਸ਼ੇਕ ਨੇ ਦੱਸਿਆ ਕਿ ਉਹ ਜਦੋਂ ਪਾਸਪੋਰਟ ਆਪਣੇ ਘਰ ਨੂੰ ਲੈ ਕੇ ਜਾ ਰਿਹਾ ਸੀ ਤਾਂ ਉਸ ਨੇ ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ ’ਚ ਮੱਥਾ ਟੇਕਣ ਲਈ ਗੱਡੀ ਬਾਹਰ ਖੜ੍ਹੀ ਕਰ ਦਿੱਤੀ। ਅਭਿਸ਼ੇਕ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰੇ ’ਚੋਂ ਮੱਥਾ ਟੇਕ ਕੇ ਬਾਹਰ ਆਇਆ ਤਾਂ ਉਹ ਆਪਣੇ ਘਰ ਨੂੰ ਚੱਲ ਪਿਆ। ਉਦੋਂ ਉਸ ਨੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਕਿ ਉਸ ਦੀ ਜਿਪਸੀ ਨਾਲ ਕੋਈ ਛੇੜਛਾੜ ਹੋਈ ਹੈ ਜਾਂ ਨਹੀਂ।
ਮੈਨੇਜਰ ਨੇ ਦੱਸਿਆ ਕਿ ਜਦੋਂ ਉਹ ਜਿਪਸੀ ਵਿੱਚੋਂ ਘਰ ਜਾ ਕੇ ਪਾਸਪੋਰਟ ਚੁੱਕਣ ਲੱਗਾ ਤਾਂ ਉਸ ਨੂੰ ਹੈਰਾਨੀ ਹੋਈ ਕਿ ਪਾਸਪੋਰਟ ਉੱਥੇ ਨਹੀਂ ਸਨ। ਉਸ ਨੇ ਦੱਸਿਆ ਕਿ ਉਸ ਨੇ ਇਹ ਛੇ ਪਾਸਪੋਰਟ ਬੜੀ ਸੰਭਾਲ ਦੇ ਨਾਲ ਕੈਬਿਨ ਬੰਦ ਜਿਪਸੀ ਵਿੱਚ ਰੱਖੇ ਸਨ। ਜਦੋਂ ਉਹ ਗੁੰਮ ਹੋਏ ਪਾਸਪੋਰਟਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਡਿਵੀਜ਼ਨ ਨੰਬਰ 6 ’ਚ ਗਿਆ ਤਾਂ ਉਨ੍ਹਾਂ ਨੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਸਥਾਪਤ ਕੀਤੇ ਸੁਵਿਧਾ ਸੈਂਟਰ ’ਚ ਜਾਣ ਲਈ ਕਿਹਾ, ਜਿੱਥੇ ਉਸ ਨੇ ਸ਼ਿਕਾਇਤ ਦਰਜ ਕਰਵਾਈ।
ਮਾਸਟਰ ਸਲੀਮ ਤੋਂ ਇਲਾਵਾਂ ਜਿਨ੍ਹਾਂ ਦੇ ਪਾਸਪੋਰਟ ਚੋਰੀ ਹੋਏ ਹਨ ਉਨ੍ਹਾਂ ਵਿੱਚ ਅਭਿਸ਼ੇਕ, ਰੋਹਿਤ ਕੁਮਾਰ, ਮੁਕੇਸ਼ ਕੁਮਾਰ, ਅਮਿਤ ਕੁਮਾਰ ਤੇ ਅਵਤਾਰ ਚੰਦ ਸ਼ਾਮਲ ਹਨ।