ਚੰਡੀਗੜ੍ਹ – ਭਾਜਪਾ ਪੰਜਾਬ ਮਿਉਂਸਿਪਲ ਕਮੇਟੀਆਂ ਅਤੇ ਨਗਰ ਨਿਗਮ ਚੋਣਾਂ ’ਚ ਅਕਾਲੀ ਦਲ ਤੋਂ ਵੱਧ ਹਿੱਸਾ ਮੰਗ ਕੇ ਸੰਕਟ ਖੜਾ ਕਰ ਦਿੱਤਾ ਕਰ ਦਿੱਤਾ ਹੈ। ਇਹ ਅਕਾਲੀ ਦਲ ਵੱਲੋਂ ਸ਼ਹਿਰੀ ਖੇਤਰਾਂ ’ਚ ਗੈਰ-ਸਿੱਖ ਜਥੇਦਾਰ ਲਗਾਏ ਜਾਣ ਤੋਂ ਪਿੱਛੋਂ ਭਾਜਪਾ ਦਾ ਮੋੜਵਾਂ ਵਾਰ ਹੈ। ਲੋਕ ਸਭਾ ਚੋਣਾਂ ਵਿੱਚੋਂ ਮਜ਼ਬੂਤ ਹੋ ਕੇ ਨਿੱਕਲੀ ਭਾਜਪਾ ਨੇ ਵਾਰਡਬੰਦੀ ’ਤੇ ਇਤਰਾਜ਼ ਪ੍ਰਗਟਾਇਆ ਹੈ। ਪਾਰਟੀ ਦੀ ਇਸ ਮੀਟਿੰਗ ਦੌਰਾਨ ਅੰਦਰੂਨੀ ਧੜੇਬੰਦੀ ਵੀ ਸਪੱਸ਼ਟ ਰੂਪ ਵਿੱਚ ਦਿਖਾਈ ਦਿੱਤੀ। ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਦੇ ਧੜੇ ਨਾਲ ਸਬੰਧਤ ਮੰਨੇ ਜਾਂਦੇ ਆਗੂ ਮੀਟਿੰਗ ’ਚ ਹਾਜ਼ਰ ਨਹੀਂ ਹੋਏ।
ਪਾਰਟੀ ਹਲਕਿਆਂ ਮੁਤਾਬਕ ਭਾਜਪਾ ਦੇ ਇਸੇ ਧੜੇ ਵੱਲੋਂ ਮੰਤਰੀ ਮੰਡਲ ਵਿੱਚ ਤਬਦੀਲੀ ਦਾ ਦਬਾਅ ਬਣਾਇਆ ਹੋਇਆ ਸੀ ਜੋ ਕਿ ਅਜੇ ਤੱਕ ਸੰਭਵ ਨਹੀਂ ਹੋ ਸਕਿਆ। ਸੂਤਰਾਂ ਮੁਤਾਬਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰਨਾਂ ਆਗੂਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ਹਿਰੀ ਖੇਤਰਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਅਧਾਰ ਪਹਿਲਾਂ ਨਾਲੋਂ ਵਧਿਆ ਹੈ। ਇਸ ਲਈ ਮਿਉਂਸਿਪਲ ਕਮੇਟੀਆਂ ਅਤੇ ਨਗਰ ਨਿਗਮ ਚੋਣਾਂ ਦੌਰਾਨ ਅਕਾਲੀ ਦਲ ਤੋਂ ਜ਼ਿਆਦਾ ਸੀਟਾਂ ਮੰਗੀਆਂ ਜਾਣ।
ਭਾਜਪਾ ਆਗੂਆਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੂੰ ਮੀਟਿੰਗ ਦੌਰਾਨ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਅਕਸਰ ਭਾਜਪਾ ਦੇ ਵਾਰਡਾਂ ਵਿੱਚ ਬਾਗੀ ਉਮੀਦਵਾਰ ਖੜ੍ਹੇ ਕਰ ਦਿੱਤੇ ਜਾਂਦੇ ਹਨ। ਇਸ ਨਾਲ ਭਾਜਪਾ ਨੂੰ ਕਮਜ਼ੋਰ ਕੀਤਾ ਜਾਂਦਾ ਰਿਹਾ ਹੈ। ਪਾਰਟੀ ਆਗੂਆਂ ਨੇ ਆਪਣੇ ਪ੍ਰਧਾਨ ਨੂੰ ਕਿਹਾ ਕਿ ਅਕਾਲੀ ਦਲ ਨੂੰ ਚੋਣਾਂ ਤੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਜਾਵੇ ਕਿ ਬਾਗੀ ਉਮੀਦਵਾਰ ਖੜ੍ਹੇ ਕਰਨ ਦੀ ਸਿਆਸੀ ਚਾਲ ਨਾ ਖੇਡੀ ਜਾਵੇ। ਭਾਜਪਾ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਪਿਛਲੇ ਸਾਲਾਂ ਦੌਰਾਨ ਜਿਨ੍ਹਾਂ ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਹੀ ਨਹੀਂ ਸਕੇ, ਉਨ੍ਹਾਂ ਵਾਰਡਾਂ ਤੋਂ ਭਾਜਪਾ ਦੇ ਉਮੀਦਵਾਰ ਖੜ੍ਹੇ ਕੀਤੇ ਜਾਣੇ ਚਾਹੀਦੇ ਹਨ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਤੋਂ ਬਾਅਦ ਪਾਰਟੀ ਦਾ ਆਧਾਰ ਵਧਿਆ ਹੈ। ਇਸ ਲਈ ਮਿਉਂਸਿਪਲ ਚੋਣਾਂ ਦੌਰਾਨ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ’ਤੇ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ ਤੇ ਅਕਾਲੀ ਦਲ ਤੋਂ ਵਧੇਰੇ ਹਿੱਸਾ ਮੰਗਿਆ ਜਾਵੇ।
ਗ਼ੈਰ-ਸਿੱਖਾਂ ਨੂੰ ਜਥੇਦਾਰ ਲਾਉਣਾ ਅਕਾਲੀ ਦਲ ਦਾ ਅੰਦਰੂਨੀ ਮਾਮਲਾ: ਸ਼ਰਮਾ
ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਤੋਂ ਅਗਿਆਨਤਾ ਪ੍ਰਗਟਾਈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗ਼ੈਰ ਸਿੱਖਾਂ ਨੂੰ ਸ਼ਹਿਰੀ ਖੇਤਰਾਂ ਦੇ ‘ਜਥੇਦਾਰ’ ਲਾਉਣ ਦੇ ਮਾਮਲੇ ਨੂੰ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ’ਤੇ ਇਸ ਦਾ ਕੋਈ ਅਸਰ ਨਹੀਂ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਕੁਝ ਭਾਜਪਾ ਆਗੂਆਂ ਨੇ ਅਕਾਲੀ ਦਲ ਦੀ ਇਸ ਕਾਰਵਾਈ ਨੂੰ ਟਕਰਾਅ ਵਾਲਾ ਫੈਸਲਾ ਕਰਾਰ ਦਿੱਤਾ। ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਪਾਰਟੀ ਨੂੰ ਦਿਹਾਤੀ ਖੇਤਰ ਵਿੱਚ ਆਪਣਾ ਆਧਾਰ ਵਧਾਉਣ ਲਈ ਠੋਸ ਰਣਨੀਤੀ ਅਪਨਾਉਣੀ ਚਾਹੀਦੀ ਹੈ।