NewZNew (Mohali) : ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਮੁਹਾਲੀ ਵਾਸੀਆਂ ਦੀ ਮੰਗ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ’ਚ ਨਵੇਂ ਸਿਰਿਓਂ ਨੀਡ ਬੇਸਡ ਪਾਲਿਸੀ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਛੋਟੇ ਮਕਾਨਾਂ ’ਚ ਰਹਿੰਦੇ ਲੋਕ ਆਪਣੀ ਲੋੜ ਅਨੁਸਾਰ ਘਰਾਂ ’ਚ ਵਾਧੂ ਉਸਾਰੀਆਂ ਕਰ ਸਕਣਗੇ।
ਇਸ ਤੋਂ ਪਹਿਲਾਂ ਬੀਬੀ ਰਾਮੂਵਾਲੀਆ ਨੇ ਅੱਜ ਇੱਥੇ ਅਕਾਲੀ ਦਲ ਦੇ ਆਗੂਆਂ ਨਾਲ ਮੀਟਿੰਗ ਕਰਕੇ ਨਗਰ ਨਿਗਮ ਚੋਣਾਂ ਸਬੰਧੀ ਪਹਿਲੇ ਪੜਾਅ ’ਚ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਉਨ੍ਹਾਂ ਦੇ ਹੱਲ ਲਈ ਹਲਕਾ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੂੰ ਮਿਲਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਸ੍ਰੀ ਰਾਮੂਵਾਲੀਆ ਦੀ ਸਿਫਾਰਸ਼ ’ਤੇ ਪਾਰਟੀ ਪ੍ਰਧਾਨ ਨੇ ਗਮਾਡਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਨੀਡ ਬੇਸਡ ਪਾਲਸੀ ਤੁਰੰਤ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ ਘੱਟ ਪ੍ਰੈਸ਼ਰ ਦੀ ਸਮੱਸਿਆ ਦਾ ਵੀ ਛੇਤੀ ਹੱਲ ਕੀਤਾ ਜਾਵੇਗਾ।
ਇਸ ਮੌਕੇ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਜੋਗਿੰਦਰ ਸਿੰਘ ਸਲੈਚ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਵਿਰਕ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਪਰਮਿੰਦਰ ਸਿੰਘ ਸੋਹਾਣਾ, ਯੂਥ ਆਗੂ ਕੰਵਲਜੀਤ ਸਿੰਘ ਰੂਬੀ, ਪਰਦੀਪ ਭਾਰਜ, ਫੌਜਾ ਸਿੰਘ, ਇਸ਼ਪ੍ਰੀਤ ਸਿੰਘ ਵਿੱਕੀ ਵੀ ਹਾਜ਼ਰ ਸਨ।