NewzNew (Malwa) : ਪੰਜਾਬ ਵਿੱਚ ਸੇਮ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਿੰਜਾਈ ਵਿਭਾਗ ਨੂੰ ਸੇਮ ਪ੍ਰਭਾਵਿਤ ਜ਼ਿਲ੍ਹਿਆਂ ਦੇ ਜਲ ਨਿਕਾਸੀ ਸਿਸਟਮ ਦਾ ਨਵੀਨੀਕਰਨ ਕਰਨ ਲਈ ਕਿਹਾ। ਉਨ੍ਹਾਂ ਮੀਂਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੇ ਦੂਜੇ ਦਿਨ ਮੁਕਤਸਰ ਦੇ ਮਲੋਟ ਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਸ੍ਰੀ ਬਾਦਲ ਨੇ ਕਿਹਾ ਕਿ ਡਰੇਨਜ਼ ਸਿਸਟਮ ਦੇ ਨਵੀਨੀਕਰਨ ਨਾਲ ਸੇਮ ਪ੍ਰਭਾਵਿਤ ਖੇਤਰਾਂ ਵਿੱਚ ਵਾਧੂ ਪਾਣੀ ਦੇ ਨਿਕਾਸ ’ਚ ਸਹਾਇਤਾ ਮਿਲੇਗੀ। ਸੇਮ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਵੱਲੋਂ ਉਲੀਕੇ ਮਾਸਟਰ ਪਲਾਨ ਵਿੱਚ ਵੀ ਇਹ ਤਜਵੀਜ਼ ਹੈ। ਇਸਨੂੰ ਫੌਰੀ ਲਾਗੂ ਕਰਨਾ ਸਮੇਂ ਦੀ ਲੋੜ ਹੈ। ਡਰੇਨਜ਼ ਸਿਸਟਮ ਦੇ ਚੌੜਾ ਹੋਣ ਨਾਲ ਸੇਮ ਪ੍ਰਭਾਵਿਤ ਹਿੱਸਿਆ ਵਿੱਚ ਪਾਣੀ ਦੀ ਨਿਕਾਸੀ ਲਈ ਲੱਗਣ ਵਾਲੇ 14 ਤੋਂ 21 ਦਿਨ ਘਟ ਕੇ 7 ਦਿਨ ਰਹਿ ਜਾਣਗੇ। ਇਸ ਨਾਲ ਸੇਮ ਦੀ ਸਮੱਸਿਆ ’ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਸਬੰਧੀ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ (ਮਾਲ) ਐਨ.ਐਸ. ਕੰਗ ਨੂੰ ਕਿਹਾ ਕਿ ਉਹ ਸਥਿਤੀ ਦਾ ਜਾਇਜ਼ਾ ਲੈ ਕੇ ਲੋਕਾਂ ਨੂੰ ਸਮੇਂ-ਸਿਰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਯਕੀਨੀ ਬਣਾਵੇ ਕਿ ਲੋਕਾਂ ਦੇ ਮਾਲੀ ਅਤੇ ਫ਼ਸਲਾਂ ਨੁਕਸਾਨ ਦੀ ਗਿਰਦਾਵਰੀ ਕੀਤੀ ਜਾਵੇ ਤਾਂ ਜੋ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਸਿੰਜਾਈ ਵਿਭਾਗ ਨੂੰ ਸੇਮ ਪ੍ਰਭਾਵਿਤ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਵੱਖਰੇ ਤੌਰ ’ਤੇ ਚੀਫ ਇੰਜਨੀਅਰ ਤਾਇਨਾਤ ਕਰਨ ਬਾਰੇ ਕਿਹਾ ਤਾਂ ਜੋ ਇਲਾਕਿਆਂ ਦਾ ਵੱਖਰੇ ਤੌਰ ’ਤੇ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪਦ ’ਤੇ ਨਿਯੁਕਤ ਕੀਤੇ ਜਾਣ ਵਾਲੇ ਮਾਹਿਰ ਦਾ ਮੰਤਵ ਖੇਤਰ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਦੇ ਉਪਰਾਲੇ ਕਰਨਾ ਹੋਵੇਗਾ।
ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੀਂਹ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਕ ਪੰਦਰਵਾੜੇ ਵਿੱਚ ਪੂਰੀ ਰਣਨੀਤੀ ਤਿਆਰ ਕਰ ਲਈ ਜਾਵੇਗੀ। ਹਰੇਕ ਪਿੰਡ ਦੇ ਵਾਸੀਆਂ ਵੱਲੋਂ ਇਸ ’ਤੇ ਸਹੀ ਪਾਉਣ ਮਗਰੋਂ ਸੂਬਾ ਸਰਕਾਰ ਵੱਲੋਂ ਇਹ ਸਾਰਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸੂਬਾ ਸਰਕਾਰ ਦੇ ਸਬੰਧਤ ਅਫ਼ਸਰ ਹਰੇਕ ਪਿੰਡ ਦਾ ਦੌਰਾ ਕਰਕੇ ਪਾਣੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਇਸ ਕਾਰਜ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਪੂਰਾ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਇਸ ਹਲਕੇ ਦੇ ਪਿੰਡ ਭੁੰਦੜ, ਲੰੁਡੇਵਾਲਾ, ਬਬਾਨੀਆਂ ਤੇ ਹੁਸਨਰ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ, ਗਿੱਦੜਬਾਹਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ, ਸ਼ਨੀ ਢਿੱਲੋਂ, ਸੰਤ ਸਿੰਘ ਬਰਾੜ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਕਾਹਨ ਸਿੰਘ ਪਨੂੰ, ਜਸਕਿਰਨ ਸਿੰਘ, ਅਮਰ ਸਿੰਘ ਚਾਹਲ ਤੇ ਕੁਲਦੀਪ ਸਿੰਘ ਚਾਹਲ ਵੀ ਹਾਜ਼ਰ ਸਨ।