ਐਨ ਐਨ ਬੀ
ਤਰਨ ਤਾਰਨ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਹੁਤ ਖੁਸ਼ ਹਨ, ਹਾਲਾਂਕਿ ਉਨ੍ਹਾਂ ਦੇ ਚਿਹਰੇ ’ਤੇ ਸਹਿਯੋਗੀ ਪਾਰਟੀ ਇਨੈਲੋ ਦੇ ਚੋਣਾਂ ਵਿੱਚ ਪਛੜ ਜਾਣ ਨਮੋਸ਼ੀ ਦਿਖਾਈ ਦੇ ਰਹੀ ਸੀ। ਮੁੱਖ ਮੰਤਰੀ ਸਰਹੱਦੀ ਪਿੰਡ ਭੂਰਾ ਕੋਹਨਾ ਵਿੱਚ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਦੇ ਜਨਮ ਦਿਵਸ ਮੌਕੇ ਲੱਗੇ ਜੋੜ ਮੇਲੇ ਨੂੰ ਸੰਬੋਧਨ ਕਰਨ ਆਏ ਸਨ।
ਉਨ੍ਹਾਂ ਆਪਣੇ ਭਾਸ਼ਨ ਦੌਰਾਨ ਰਾਜਾਂ ਲਈ ਵਧੇਰੇ ਅਧਿਕਾਰਾਂ ਮੰਗ ਮੁੜ ਉਠਾਈ ਅਤੇ ਆਖਿਆ ਕਿ ਕੇਂਦਰ ਸਰਕਾਰਾਂ ਵੱਲੋਂ ਖ਼ੁਦ ਹੀ ਫ਼ੈਸਲੇ ਕਰ ਲਏ ਜਾਂਦੇ ਹਨ। ਉਹ ਫਿਰ ਵੀ ਸੂਬਿਆਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣ ਦੀ ਗੱਲ ਕਰਦੇ ਰਹਿਣਗੇ, ਕਿਉਂਕ ਇਹ ਵਾਅਦਾ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਦਰਜ ਹੈ।
ਉਨ੍ਹਾਂ ਪਿੰਡ ਭੂਰਾ ਕੋਨਾ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਦਾ ਵੀ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਭਾਈ ਮਨਜੀਤ ਸਿੰਘ ਨੇ ਕੋਈ ਮੰਗ ਨਹੀਂ ਕੀਤੀ ਸੀ। ਭਾਈ ਮਨਜੀਤ ਸਿੰਘ ਸਵਰਗੀ ਸੰਤ ਕਰਤਾਰ ਸਿੰਘ ਦੇ ਪੁੱਤਰ ਹਨ ਅਤੇ ਦਹਿਸ਼ਤਗਰਦੀ ਦੇ ਦੌਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ। ਉਸ ਵੇਲ਼ੇ ਵਿਰਸਾ ਸਿੰਘ ਵਲਟੋਆ ਵੀ ਫੈਡਰੇਸ਼ਨ ਦੇ ਨੇਤਾਵਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਬਦਲੇ ਹੋਏ ਸਿਆਸੀ ਹਾਲਾਤ ਵਿੱਚ ਪ੍ਰਕਾਸ਼ ਸਿੰਘ ਬਾਲਦ ਦਾ ਲੜ ਫੜ ਲਿਆ ਹੈ।