ਐਨ ਐਨ ਬੀ
ਮੋਗਾ – ਜਦੋਂ ਦੇਸ਼ ਦੀਵਾਲੀ ਦਾ ਜਸ਼ਨ ਮਨਾ ਰਿਹਾ ਸੀ. ਮੋਗਾ ਸ਼ਹਿਰ ਦੇ ਮਹੁੱਲਾ ਸਰਦਾਰ ਨਗਰ ਵਾਸੀ ਦੋ ਸਕੇ ਭਰਾਵਾਂ ਦੀ ਅਚਨਚੇਤ ਹੋਈ ਮੌਤ ਕਾਰਨ ਗਹਿਰੇ ਸਦਮੇ ’ਚ ਸਨ। ਪਹਿਲਾਂ ਇਸ ਨਗਰ ਦੀ ਧਾਰਮਕ ਸ਼ਖ਼ਸੀਅਤ ਤੇ ਸ਼੍ਰੀ ਸੁਖਮਨੀ ਸਾਹਿਬ ਸੋਸਾਇਟੀ ਸਰਦਾਰ ਨਗਰ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰੇਸ਼ਮ ਸਿੰਘ ਦੀ ਮੌਤ ਦੀ ਖ਼ਬਰ ਆਈ। ਜਦੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਹੋ ਰਹੀਆਂ ਸਨ, ਓਦੋਂ ਛੋਟਾ ਭਰਾ ਦੁੱਖ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਇਹ ਜਾਣਕਾਰੀ ਸ੍ਰ. ਜੋਗਿੰਦਰ ਸਿੰਘ ਲਹਾਮ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੁੱਖ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪਰਿਵਾਰਕ ਮੈਂਬਰਾਂ ਤੇ ਸੁਖਮਨੀ ਸਾਹਿਬ ਸੋਸਾਇਟੀ ਦੇ ਸਮੂਹ ਮੈਂਬਰਾਨ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਦੋਵਾਂ ਭਰਾਵਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕੀਤੀ। ਉਨ੍ਹਾਂ ਕਿਹਾ ਕਿ ਕੌਮ ਨੂੰ ਸਮਰਪਤ ਧਾਰਮਕ ਤੇ ਸਮਾਜਕ ਸ਼ਖ਼ਸੀਅਤ ਰੇਸ਼ਮ ਸਿੰਘ ਤੇ ਉਨ੍ਹਾਂ ਦੇ ਭਰਾ ਦਾ ਅਕਾਲ ਚਲਾਣਾ ਇਲਾਕੇ ਦੇ ਲੋਕਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।