ਐਨ ਐਨ ਬੀ
ਵਾਸ਼ਿੰਗਟਨ – ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਵੱਲੇ ਸਬੰਧਾਂ ਨੂੰ ‘ਨਵੇਂ ਪੱਧਰ’ ਉੱਤੇ ਲਿਜਾਣ ਦਾ ਪ੍ਰਣ ਲੈਂਦਿਆਂ ਸਿਵਿਲ ਪਰਮਾਣੂ-ਵਿਰੋਧੀ ਕਦਮਾਂ ਵਿੱਚ ਪੂਰਨ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ।
ਵ੍ਹਾਈਟ ਹਾਊਸ ਵਿੱਚ ਇੱਕ ਘੱਟੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੀਡੀਆ ਲਈ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਦੋਵੇਂ ਦੇਸ਼ ਇੱਕ-ਦੂਜੇ ਦੇ ਹਿਤਾਂ ਦੀ ਕਦਰ ਕਰਨਗੇ ਅਤੇ ਸਾਂਝੇ ਹਿਤਾਂ ਉਪਰ ਡੱਟ ਕੇ ਪਹਿਰਾ ਦੇਣਗੇ। ਓਬਾਮਾ ਨੇ ਦੱਸਿਆ ਕਿ ਗੱਲਬਾਤ ਦੌਰਾਨ ਆਰਥਿਕ ਸਹਿਯੋਗ, ਵਪਾਰ ਤੇ ਨਿਵੇਸ਼ ਵਰਗੇ ਮੁੱਦੇ ਵਿਚਾਰੇ ਗਏ। ਮੋਦੀ ਨੇ ਅਮਰੀਕਾ ਵਿੱਚ ਭਾਰਤੀ ਸੇਵਾਵਾਂ ਦਾ ਰਾਹ ਮੋਕਲਾ ਕਰਨ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਵੀਜ਼ੇ ਦੇਣ ਦੇ ਮਾਮਲੇ ਵਿੱਚ ਬੇਲੋੜੇ ਅੜਿੱਕੇ ਦੂਰ ਹੋਣੇ ਚਾਹੀਦੇ ਹਨ। ਦੋਵਾਂ ਦੇਸ਼ਾ ਨੇ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ 10 ਸਾਲਾਂ ਲਈ ਵਧਾਉਣ ਦੇ ਸਮਝੌਤੇ ’ਤੇ ਵੀ ਸਹੀ ਪਾਈ ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਵਿੱਚ ਫੌਜੀ ਸਾਜ਼ੋ-ਸਾਮਾਨ ਤਿਆਰ ਕਰਨ ਦੀਆਂ ਇਕਾਈਆਂ ਸਥਾਪਤ ਕਰਨ ਦਾ ਸੱਦਾ ਦਿੱਤਾ।
ਦੋਵਾਂ ਨੇਤਾਵਾਂ ਦਰਮਿਆਨ ਇਹ ਪਹਿਲੀ ਸਿਖਰ ਵਾਰਤਾ ਸੀ ਅਤੇ ਇਸ ਵਿੱਚ ਦੋਵਾਂ ਦੇਸ਼ਾਂ ਦੇ ਵਫ਼ਦਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਦੱਖਣੀ ਏਸ਼ੀਆ ਵਿੱਚ ਦਹਿਸ਼ਤਗਰਦੀ ਦੇ ਉਭਾਰ ਅਤੇ ਪੱਛਮੀ ਏਸ਼ੀਆ ਵਿਚਲੀ ਅਸਥਿਰਤਾ ਤੋਂ ਆਲਮੀ ਅਮਨ ਨੂੰ ਦਰਪੇਸ਼ ਖਤਰਿਆਂ ਵਰਗੇ ਮੁੱਦੇ ਵੀ ਵਿਚਾਰੇ ਗਏ। ਓਬਾਮਾ ਨੇ ਇਰਾਕ ਤੇ ਸੀਰੀਆ ਵਿੱਚ ਇਸਲਾਮੀ ਸਟੇਟ ਜਥੇਬੰਦੀ ਦੇ ਉਭਾਰ ਦੀ ਚਰਚਾ ਮੋਦੀ ਨਾਲ ਕੀਤੀ।
ਮੀਡੀਆ ਨਾਲ ਵਾਰਤਾਲਾਪ ਦੌਰਾਨ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਨੂੰ ਮਿਲ ਕੇ ਉਨ੍ਹਾਂ ਦਾ ਇਹ ਪ੍ਰਭਾਵ ਹੋਰ ਪਕੇਰਾ ਹੋਇਆ ਹੈ ਕਿ ਭਾਰਤ ਤੇ ਅਮਰੀਕਾ ਕੁਦਰਤੀ ਤੌਰ ’ਤੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਭਾਈਵਾਲੀ ਨੂੰ ਨਵੇਂ ਪੱਧਰਾਂ ’ਤੇ ਲਿਜਾਉਣ ਨਾਲ ਦੋਵਾਂ ਦੇਸ਼ਾਂ ਦਾ ਹੀ ਨਹੀਂ, ਸਗੋਂ ਦੁਨੀਆਂ ਦੀ ਵਸੋਂ ਦੇ ਬਹੁਤ ਵੱਡੇ ਵਰਗ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਨੇ ਓਬਾਮਾ ਨੂੰ ਪਰਿਵਾਰ ਸਮੇਤ ਭਾਰਤ ਦੀ ਯਾਤਰਾ ’ਤੇ ਆਉਣ ਦਾ ਸੱਦਾ ਦਿੱਤਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ‘‘ਚਲੇਂ ਸਾਥ ਸਾਥ – ਰਲ ਕੇ ਅਸੀਂ ਅੱਗੇ ਵਧਾਂਗੇ’’ ਦਾ ਅਹਿਦ ਲਿਆ ਤੇ ਨਾਲ ਹੀ 21ਵੀਂ ਸਦੀ ਵਿੱਚ ਭਾਰਤ-ਅਮਰੀਕਾ ਦੀ ਨਵੀਂ ਨਕੋਰ ਭਾਈਵਾਲੀ ਦੀ ਸਮਰੱਥਾ ਦੀ ਮੁਕੰਮਲ ਪਛਾਣ ਕਰਕੇ ਇਸ ਤੋਂ ਦੁਵੱਲੇ ਲਾਭ ਲਏ ਜਾਣਗੇ।
ਵਾਸ਼ਿੰਗਟਨ ਪੋਸਟ ਦੀ ਵੈੱਬਸਾਈਟ ’ਤੇ ਛਪੇ ਦੋਵੇਂ ਆਗੂਆਂ ਵੱਲੋਂ ਲਿਖੇ ਗਏ ਸਾਂਝੇ ਸੰਪਾਦਕੀ ਲੇਖ ਵਿੱਚ ਕਿਹਾ ਗਿਆ ਹੈ ‘‘ਦੇਸ਼ਾਂ ਵਜੋਂ ਦਹਾਕਿਆਂ ਤੋਂ ਸਾਡੀ ਭਾਈਵਾਲੀ ਤਹਿਤ ਅਸੀਂ ਤਰੱਕੀ ਦੀਆਂ ਮੰਜ਼ਲਾਂ ਸਰ ਕੀਤੀਆਂ ਹਨ, ਪਰ ਇਨ੍ਹਾਂ ਸਬੰਧਾਂ ਦੀ ਅਸਲ ਸਮਰੱਥਾ ਹਾਲੇ ਪਛਾਣੀ ਜਾਣੀ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਇੰਨੇ ਗੂੜ੍ਹੇ ਹਨ ਕਿ 2000 ਵਿੱਚ ਹੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਹ ਐਲਾਨ ਕਰ ਸਕੇ ਸਨ ਕਿ ਭਾਰਤ-ਅਮਰੀਕਾ ਕੁਦਰਤੀ ਭਾਈਵਾਲੀ ਹਨ।
ਹੁਣ ਸਾਹਮਣੇ ਆਵੇਗੀ ਹਿੰਦ-ਅਮਰੀਕਾ ਸਮਰੱਥਾ
ਵਾਸ਼ਿੰਗਟਨ – ਭਾਰਤ-ਅਮਰੀਕਾ ਸਬੰਧਾਂ ਨੂੰ ‘‘ਸ਼ਕਤੀਸ਼ਾਲੀ ਭਰੋਸੇਯੋਗ ਤੇ ਚਿਰ ਸਥਾਈ’’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਿਹਾ ਕਿ ਇਨ੍ਹਾਂ ਦੀ ਅਸਲ ਸਮਰੱਥਾ ਦਾ ਅਜੇ ਸਾਹਮਣੇ ਆਉਣਾ ਬਾਕੀ ਹੈ ਤੇ ਭਾਰਤ ਵਿੱਚ ਨਵੀਂ ਸਰਕਾਰ ਦਾ ਬਣਨਾ, ਇਨ੍ਹਾਂ ਸਬੰਧਾਂ ਨੂੰ ਹੋਰ ਪੱਕੇ ਤੇ ਵਿਆਪਕ ਕਰਨ ਦਾ ਇਕ ਕੁਦਰਤੀ ਤੌਰ ’ਤੇ ਮਿਲਿਆ ਮੌਕਾ ਹੈ।
ਪਹਿਲੀ ਵਾਰ ਸਾਂਝਾ ਸੰਪਾਦਕੀ ਲੇਖ ਲਿਖਦਿਆਂ, ਭਾਰਤ ਦੇ ਪ੍ਰਧਾਨ ਮੰਤਰੀ ਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਸਮਾਂ ‘ਨਵਾਂ ਏਜੰਡਾ’ ਤੈਅ ਕਰਨ ਦਾ ਹੈ ਤੇ ਨਵੀਆਂ ਅਕਾਂਖਿਆਵਾਂ ਤੇ ਵਧੇਰੇ ਸਵੈ-ਭਰੋਸੇ ਨਾਲ ਦੋਵੇਂ ਮੁਲਕ ਸੰਕੋਚਵੇਂ ਤੇ ਰਵਾਇਤੀ ਟੀਚਿਆਂ ਤੋਂ ਕਿਤੇ ਅਗਾਂਹ ਜਾ ਸਕਦੇ ਹਨ। ਵਾਸ਼ਿੰਗਟਨ ਪੋਸਟ ਵਿੱਚ ਛਪੇ ਸੰਪਾਦਕੀ ਲੇਖ ਵਿੱਚ ਦੋਵੇਂ ਆਗੂਆਂ ਨੇ ਕਿਹਾ ਹੈ ਕਿ ਇਹ ਏਜੰਡਾ ਅਜਿਹਾ ਹੋਏਗਾ ਜੋ ਕਾਰੋਬਾਰ, ਨਿਵੇਸ਼ ਤੇ ਤਕਨਾਲੋਜੀ ਵਿੱਚ ਆਪਸੀ ਭਾਈਵਾਲੀ ਨੂੰ ਵਿਸਥਾਰ ਦਿੰਦੇ ਆਪਸੀ ਲਾਭ ਦੇਣ ਵਾਲੇ ਢੰਗ-ਤਰੀਕੇ ਲੱਭਣ ਵਿੱਚ ਸਹਾਈ ਹੋਏਗਾ ਜੋ ਭਾਰਤ ਦੇ ਵਿਕਾਸ ਏਜੰਡੇ ਦੀਆਂ ਖਾਹਸ਼ਾਂ ਦੇ ਹਾਣ ਦਾ ਹੋਏਗਾ ਤੇ ਨਾਲ ਹੀ ਅਮਰੀਕਾ ਨੂੰ ਵਾਧੇ ਦੇ ਆਲਮੀ ਇੰਜਣ ਵਜੋਂ ਵੀ ਕਾਇਮ ਰੱਖੇਗਾ। ਦੋਵੇਂ ਆਗੂਆਂ ਨੇ ਖੁਫੀਆ ਜਾਣਕਾਰੀਆਂ ਸਾਂਝੀਆਂ ਕਰਕੇ ਦਹਿਸ਼ਤਗਰਦੀ ਦੇ ਟਾਕਰੇ ਰਾਹੀਂ ਅਤੇ ਕਾਨੂੰਨ ਲਾਗੂ ਕਰਨ ਦੇ ਕਾਰਜਾਂ ਵਿੱਚ ਆਪਸੀ ਸਹਿਯੋਗ ਰਾਹੀਂ ਆਪੋ-ਆਪਣੇ ਮੁਲਕਾਂ ਦੀ ਸੁਰੱਖਿਆ ਦਾ ਜ਼ਿਕਰ ਵੀ ਇਸ ਲੇਖ ਵਿੱਚ ਕੀਤਾ ਹੈ।