ਐਨ ਐਨ ਬੀ
ਗਨੌਰ – ਹਰਿਆਣਾ ‘ਚ ਕਾਂਗਰਸ ਉਮੀਦਵਾਰਾਂ ਲਈ ਵੋਟਾਂ ਮੰਗਣ ਪੁੱਜੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਉਪਰ ਜੰਮ ਕੇ ਨਿਸ਼ਾਨੇ ਸਾਧੇ ਅਤੇ ਦੋਸ਼ ਲਾਇਆ ਕਿ ਮੋਦੀ ਚੋਣਵੇਂ ਉਦਯੋਗਪਤੀਆਂ ਲਈ ਕੰਮ ਕਰ ਰਹੇ ਹਨ।
ਗਨੌਰ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਪ੍ਰਚਾਰ ਕਰਕੇ ਪਾਕਿਸਤਾਨ ਅਤੇ ਚੀਨ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਸੀ, ਪਰ ਚੀਨੀ ਰਾਸ਼ਟਰਪਤੀ ਦੇ ਦੌਰੇ ਸਮੇਂ ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਝੂਟਿਆਂ ਦਾ ਮਜ਼ਾ ਲੈ ਰਹੇ ਹਨ ਤੇ ਉਧਰ ਚੀਨੀ ਫੌਜਾਂ ਲੱਦਾਖ ‘ਚ ਚੜ੍ਹ ਆਈਆਂ ਸਨ। ਉਨ੍ਹਾਂ ਕਿਹਾ, ”ਇਹ ਚੀਨੀ ਰਾਸ਼ਟਰਪਤੀ ਦੀ ਸਰਕਾਰੀ ਯਾਤਰਾ ਸੀ, ਪਰ ਪ੍ਰਧਾਨ ਮੰਤਰੀ ਨੇ ਇਕ ਵੀ ਸਵਾਲ ਨਹੀਂ ਕੀਤਾ।”
ਪਾਕਿਸਤਾਨੀ ਫੌਜ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਬਾਰੇ ਕਾਂਗਰਸ ਆਗੂ ਨੇ ਕਿਹਾ ਸਰਕਾਰ ਨੇ ਛੇ ਦਿਨਾਂ ਤੱਕ ਖਾਮੋਸ਼ ਰਹੀ ਹੈ।
ਰਾਹੁਲ ਗਾਂਧੀ ਨੇ ਸ੍ਰੀ ਮੋਦੀ ‘ਤੇ ਦੋਸ਼ ਲਾਏ ਕਿ ਉਹ ਕੁਝ ਉਦਯੋਗਪਤੀਆਂ ਦੇ ਹਿੱਤ ਪੂਰ ਰਹੇ ਹਨ ਅਤੇ ਅਮਰੀਕੀ ਕੰਪਨੀਆਂ ਦੇ ਕਹਿਣ ‘ਤੇ ਦਵਾਈਆਂ ਦੀਆਂ ਕੀਮਤਾਂ ਤੋਂ ਕੰਟਰੋਲ ਖਤਮ ਕਰ ਦਿੱਤਾ। ਕਾਂਗਰਸ ਦੇ ਮੀਤ ਪ੍ਰਧਾਨ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਏ ਕਿ ਉਹ ਕਾਂਗਰਸ ਵੱਲੋਂ ਸ਼ੁਰੂ ਕੀਤੀਆਂ ਗਈਆਂ ਭਲਾਈ ਯੋਜਨਾਵਾਂ ਮਗਨਰੇਗਾ ਅਤੇ ਜ਼ਮੀਨ ਐਕਵੀਜ਼ਿਸ਼ਨ ਐਕਟ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਰੁਖ਼ ਤੋਂ ਲਗਦਾ ਹੈ ਕਿ ਛੇਤੀ ਹੀ ਦੇਸ਼ ਚੋਣਵੇਂ ਸਨਅਤੀ ਘਰਾਣਿਆਂ ਦੇ ਹਿੱਤ ਪੂਰਨ ਲਈ ਚੱਲਦਾ ਨਜ਼ਰ ਆਏਗਾ।