ਐਨ ਐਨ ਬੀ
ਨਵੀਂ ਦਿੱਲੀ – ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਤਵਾਰੀ ਚਾਹ ਪਾਰਟੀ ਵਿੱਚ ਜਾਣਾ ਜਾਂ ਨਾ ਜਾਣਾ ਸਪੱਸ਼ਟ ਨਹੀਂ ਹੈ, ਪਰ ਭਾਜਪਾ ਦੇ ਸੂਤਰ ਸੈਨਾ ਤੇ ਭਾਜਪਾ ਰਲ ਕੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਸਹਿਮਤੀ ਦਾ ਸੰਕੇਤ ਦੇ ਰਹੇ ਹਨ। ਸੈਨਾ ਦੇ ਸਾਰੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਵੱਲੋਂ ਦਿੱਲੀ ‘ਚ ਦਿੱਤੀ ਜਾ ਰਹੀ ਚਾਹ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਸੈਨਾ ਤੋਂ ‘ਬਿਨਾਂ ਕਿਸੇ ਸ਼ਰਤ ਦੇ ਸਮਰਥਨ’ ਦਿੱਤੇ ਜਾਣ ਦੇ ਸਪਸ਼ਟ ਸੰਕੇਤਾਂ ਮਗਰੋਂ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਸੋਮਵਾਰ ਨੂੰ ਹੋਣ ਦੇ ਆਸਾਰ ਬਣ ਗਏ ਹਨ, ਜਦੋਂ ਇਹ ਚਰਚਾ ਹੋਏਗੀ ਕਿ ਸੂਬੇ ਦਾ ਮੁੱਖ ਮੰਤਰੀ ਕੌਣ ਤੇ ਉਸਦੇ ਮੰਤਰੀਆਂ ਦੀ ਮੰਤਰਾਲਾ-ਵੰਡ ਬਾਰੇ ਚਰਚਾ ਹੋਵੇਗੀ। ਸ਼ਿਵ ਸੈਨਾ ਨੇ ਬਿਨਾਂ ਸ਼ਰਤ ਦੇ ਸਮਰਥਨ ਕਰਦੀ ਹੋਈ ਸਰਕਾਰ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਜ਼ਾਹਿਰ ਹੈ ਕਿ ਸੈਨਾ ਦੇ ਭਾਜਪਾ ਨਾਲ ਰਲਣ ‘ਤੇ ਹੁਣ ਇਸ ਨੂੰ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨਸੀਪੀ ‘ਤੇ ਨਿਰਭਰ ਨਹੀਂ ਰਹਿਣਾ ਪਏਗਾ।
ਭਾਵੇਂ ਪਾਰਟੀ ਦੇ ਸੂਬਾ ਪ੍ਰਧਾਨ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਦੇ ਅਹੁਦੇ ਲਈ ਕਾਫੀ ਮੋਹਰੀ ਚੱਲ ਰਹੇ ਹਨ, ਪਰ ਹੋਰਾਂ ਦੇ ਨਾਮ ਵੀ ਕਾਫੀ ਚਰਚਿਤ ਹਨ, ਜਿਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਹੱਕ ‘ਚ ਲਾਬਿੰਗ ਕਰਨ ਦੀ ਭੋਰਾ ਕਸਰ ਨਹੀਂ ਛੱਡ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਵੱਲੋਂ ਪਹਿਲਾਂ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਾਰੇ ਫੈਸਲਾ ਕੀਤਾ ਜਾ ਚੁੱਕਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਹੱਕ ‘ਚ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਧੀਰ ਮੁੰਗਾਂਤੀਵਰ ਮੁਹਿੰਮ ਚਲਾ ਰਹੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਨਾਮ ਵੀ ਜ਼ੋਰ-ਸ਼ੋਰ ਨਾਲ ਚਰਚਾ ‘ਚ ਹੈ। ਗਡਕਰੀ ਦਿੱਲੀ ‘ਚ ਖੁਸ਼ ਹੋਣ ਦੀ ਗੱਲ ਆਖ ਕੇ ਸਵਾਲਾਂ ਦਾ ਜਵਾਬ ਟਾਲਦੇ ਆ ਰਹੇ ਹਨ।