ਸੰਯੁਕਤ ਰਾਸ਼ਟਰ ਦਫਤਰ ਅਤੇ ਵ੍ਹਾਈਟ ਹਾਊਸ ਦੇ ਬਾਹਰ ਕਰਨਗੇ ਹਾਮੀ ਤੇ ਵਿਰੋਧੀ ਰੈਲੀਆਂ
ਵਾਸ਼ਿੰਗਟਨ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਰੋਜ਼ਾ ਅਮਰੀਕੀ ਦੌਰੇ ਨੂੰ ਲੈ ਕੇ ਜਿੱਥੇ ਭਾਰਤੀਆਂ ਵੱਲੋਂ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਥੇ ਕੁਝ ਜਥੇਬੰਦੀਆਂ ਵਿਰੋਧ ਕਰਨ ਲਈ ਸਰਗਰਮ ਹੋ ਗਈਆਂ ਹਨ। ਸ੍ਰੀ ਮੋਦੀ ਜਦੋਂ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਨੂੰ ਸੰਬੋਧਨ ਕਰਨਗੇ ਤਾਂ ਉਨ੍ਹਾਂ ਦੇ ਸਵਾਗਤ ’ਚ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਦੇ ਸਦਰ ਮੁਕਾਮ ’ਤੇ ਰੈਲੀਆਂ ਕਰਨ ਦੀ ਯੋਜਨਾ ਹੈ। ਪ੍ਰਬੰਧਕਾਂ ਵੱਲੋਂ ਵੱਡੇ ਬੈਨਰ, ਪੋਸਟਰ ਅਤੇ ‘ਅਮੀਰਕਾ ਵੈਲਕਮਜ਼ ਮੋਦੀ’ ਲਿਖੀਆਂ ਟੀ-ਸ਼ਰਟਾਂ ਵੰਡਣ ਲਈ ਤਿਆਰੀਆਂ ਜ਼ੋਰਾਂ ’ਤੇ ਹਨ।
ਇਸੇ ਤਰ੍ਹਾਂ ਜਦੋਂ ਸ੍ਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ 30 ਸਤੰਬਰ ਨੂੰ ਵ੍ਹਾਈਟ ਹਾਊਸ ’ਚ ਮੁਲਾਕਾਤ ਹੋਏਗੀ ਤਾਂ ਭਾਰਤੀਆਂ ਵੱਲੋਂ ਬਾਹਰ ਰੈਲੀਆਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਰੈਲੀ ਦੀ ਤਿਆਰੀ ਯੂ.ਐਸ. ਇੰਡੀਆ ਡੈਮੋਕਰੇਸੀ ਫੋਰਮ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਸਵਾਗਤੀ ਰੈਲੀਆਂ ਦੇ ਬਰਾਬਰ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਅਤੇ ਵ੍ਹਾਈਟ ਹਾਊਸ ਦੇ ਸਾਹਮਣੇ ‘ਸਿੱਖਸ ਫਾਰ ਜਸਟਿਸ’ ਵੱਲੋਂ ਪੰਜਾਬ ਅਤੇ ਗੁਜਰਾਤ ’ਚ ਮਨੁੱਖੀ ਹੱਕਾਂ ਦੇ ਘਾਣ ਦੇ ਵਿਰੋਧ ’ਚ ਰੈਲੀਆਂ ਕਰਨ ਦੀ ਯੋਜਨਾ ਹੈ। ਅਮਰੀਕੀ ਇੰਡੀਆ ਡੈਮੋਕਰੇਸੀ ਫੋਰਮ ਨੇ ਅਧਿਕਾਰੀਆਂ ਨੂੰ ਲਿਖੇ ਪੱਤਰ ’ਚ ਦੋਸ਼ ਲਾਇਆ ਹੈ ਕਿ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਉਨ੍ਹਾਂ ਦੀ ਸਵਾਗਤੀ ਰੈਲੀ ਨੂੰ ਇਹ ਆਖ ਕੇ ਅਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੋਦੀ ਵਿਰੋਧੀ ਰੈਲੀ ’ਚ 1300 ਲੋਕ ਜੁੜਨਗੇ ਜਦਕਿ ਮੋਦੀ ਦੇ ਸਵਾਗਤ ਘੱਟ ਲੋਕਾਂ ਦੇ ਜੁੜਨ ਦੀ ਸੰਭਾਵਨਾ ਹੈ। ਲਫਾਯੇਟੀ ਸਕੁਏਅਰ ਪਾਰਕ ਦੀ ਸਮਰੱਥਾ ਘੱਟ ਹੈ ਅਤੇ ਜੇਕਰ 1300 ਲੋਕਾਂ ਦੀ ਰੈਲੀ ਨੂੰ ਮਨਜ਼ੂਰੀ ਮਿਲ ਗਈ ਤਾਂ ਹੋਰਨਾਂ ਗੁੱਟਾਂ ਨੂੰ ਕੋਈ ਰੈਲੀ ਕਰਨ ਦਾ ਅਧਿਕਾਰ ਨਹੀਂ ਹੋਏਗਾ।
ਇਸੇ ਤਰ੍ਹਾਂ ਕਸ਼ਮੀਰ ਅਮਰੀਕਨ ਕੌਂਸਲ ਨੇ 29 ਸਤੰਬਰ ਨੂੰ ਵ੍ਹਾਈਟ ਹਾੳਸੂ ਮੂਹਰੇ ਮੋਮਬੱਤੀ ਮਾਰਚ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਸ੍ਰੀ ਬਰਾਕ ਹੁਸੈਨ ਓਬਾਮਾ ਵੱਲੋਂ ਕਸ਼ਮੀਰ ਮਸਲੇ ਦੇ ਹੱਲ ਲਈ 2008 ’ਚ ਲਏ ਗਏ ਅਹਿਦ ਨੂੰ ਚੇਤੇ ਕਰਵਾਇਆ ਜਾ ਸਕੇ।