ਐਨ ਐਨ ਬੀ
ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਰਜ਼ੇ ਹੇਠ ਡੁੱਬੇ ਸੂਬੇ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਨੂੰ ਨਕਾਰ ਦਿੱਤੀ ਹੈ, ਜਿਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਰੁਖ਼ ਨੂੰ ਸਪੱਸ਼ਟ ਕਰ ਦਿੱਤਾ ਹੈ। ਭਾਜਪਾ ਦੇ ਪੰਜਾਬ ਇੰਚਾਰਜ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਵੱਲੋਂ ਪੰਜਾਬ ਸਰਕਾਰ ਦੇ ਫਾਈਵ ਸਟਾਰ ਕਲਚਰ ’ਤੇ ਕੀਤੀਆਂ ਗਈਆਂ ਟਿੱਪਣੀਆਂ ’ਤੇ ਪ੍ਰਤੀਕ੍ਰਿਆ ਕਰਦਿਆਂ ਕਿਹਾ ਕਿ ਬਾਦਲ ਲਈ ਇਸ ਤੋਂ ਵੱਧ ਮਾੜੀ ਗੱਲ ਨਹੀਂ ਹੋ ਸਕਦੀ ਕਿ ਉਨ੍ਹਾਂ ਦੀ ਸਰਕਾਰ ਦੀਆਂ ਗਤੀਵਿਧੀਆਂ ਫਜ਼ੂਲਖਰਚੀ ਰਾਹੀਂ ਕਰਜ਼ੇ ਦਾ ਭਾਰ ਵਧਾਉਣ ਵਜੋਂ ਵੇਖੀਆਂ ਜਾ ਰਹੀਆਂ ਹਨ। ਸ਼ਾਂਤਾ ਕੁਮਾਰ ਵੱਲੋਂ ਮੁਫ਼ਤ ਬਿਜਲੀ ਦੇਣ ਦੇ ਮੁੱਦੇ ’ਤੇ ਕੀਤੀ ਪ੍ਰਤੀਕ੍ਰਿਆ ਬਾਰੇ ਕਿਹਾ ਕਿ ਇਹ ਸਹੂਲਤ ਅਮੀਰ ਕਿਸਾਨ ਲੈ ਰਹੇ ਹਨ, ਜਿਨ੍ਹਾਂ ਵਿੱਚ ਖ਼ੁਦ ਸ੍ਰੀ ਬਾਦਲ ਵੀ ਸ਼ਾਮਲ ਹਨ। ਉਨ੍ਹਾਂ ਦੀ ਪਾਰਟੀ ਸਬਸਿਡੀ ਦੇ ਖ਼ਿਲਾਫ਼ ਨਹੀਂ ਹੈ ਪਰ ਇਸ ਨੂੰ ਬਿਜਲੀ ਚੋਰੀ ਤੇ ਬਿਜਲੀ ਉਪਯੋਗ ਕਰਨ ਦੀ ਨਾਕਾਬਲੀਅਤ ਨੂੰ ਛੁਪਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਸ਼ਾਂਤਾ ਕੁਮਾਰ ਨੇ ਕਿਹਾ ਹੈ ਕਿ ਕੇਂਦਰ ਆਪਣੇ ਨਿਯਮਾਂ ਤੋਂ ਬਾਹਰ ਨਹੀਂ ਜਾ ਸਕਦਾ ਅਤੇ ਸੂਬਿਆਂ ਨੂੰ ਸਹਾਇਤਾ ਸਬੰਧਤ ਨੀਤੀ ਤੇ ਕਾਨੂੰਨੀ ਤਜ਼ਵੀਜ਼ਾਂ ਮੁਤਾਬਕ ਹੀ ਵਧਾਈ ਜਾ ਸਕਦੀ ਹੈ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਬਾਦਲ ਨੂੰ ਕੇਂਦਰ ਵੱਲੋਂ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਦੀਆਂ ਤਜ਼ਵੀਜ਼ਾਂ ਬਾਰੇ ਪਤਾ ਹੀ ਨਹੀਂ ਹੈ।