ਮੋਦੀ ਮੀਡੀਆ ਨਾਲ਼ ਹੋਰ ਨਿਯਮਿਤ ਸੰਵਾਦ ਦਾ ਰਾਹ ਲੱਭਣ ਲਈ ਯਤਨਸ਼ੀਲ

0
793
PM-Modi
ਮੀਡੀਆ ਨੇ ਆਪਣੀ ਕਲਮ ਨੂੰ ਝਾੜੂ ਬਣਾ ਕੇ ਚਲਾਇਆ….ਇਹ ਦੇਸ਼ ਦੀ ਸੇਵਾ ਹੈ

ਐਨ ਐਨ ਬੀ
ਨਵੀਂ ਦਿੱਲੀ – ਮੀਡੀਆ ਨਾਲ ਆਪਣੇ ਨਿੱਘੇ ਸਬੰਧ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਦੇ ਰਾਸ਼ਟਰੀ ਸਵੱਛਤਾ ਮੁਹਿੰਮ ਵਿੱਚ ਮੀਡੀਆ ਦੀ ਭੂਮਿਕਾ ਦੀ ਸਰਾਹਨਾ ਕੀਤੀ ਅਤੇ ਨਾਲ ਹੀ ਵਾਅਦਾ ਕੀਤਾ ਕਿ ਉਹ ਪੱਤਰਕਾਰਾਂ ਨਾਲ ਅੰਤਰ ਕਿਰਿਆ ਦਾ ਕੋਈ ਨਾ ਕੋਈ ਰਾਹ ਜ਼ਰੂਰ ਕੱਢਣਗੇ। ਇਹ ਮੌਕਾ ਇੱਥੇ ਭਾਜਪਾ ਦੇ ਮੁੱਖ ਦਫਤਰ ਵਿੱਚ ਕਰਵਾਏ ਗਏ ‘ਦੀਵਾਲੀ ਮਿਲਨ’ ਸਮਾਰੋਹ ਦੌਰਾਨ ਬਣਿਆ ਜਿੱਥੇ ਕੁਝ ਉੱਘੇ ਸੰਪਾਦਕਾਂ ਸਣੇ 400 ਤੋਂ ਵੱਧ ਪੱਤਰਕਾਰ ਸ਼ਾਮਲ ਹੋਏ।
ਮੋਦੀ ਜੋ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਾਜਪਾ ਦੇ ਅਹੁਦੇਦਾਰ ਵਜੋਂ ਪਾਰਟੀ ਦੇ ਮੁੱਖ ਦਫਤਰ ਵਿੱਚ ਰਿਹਾ ਕਰਦੇ ਸਨ, ਨੇ ਮਜ਼ਾਹੀਆ ਲਹਿਜ਼ੇ ਵਿੱਚ ਆਖਿਆ, ‘‘ਮੈਂ ਇੱਥੇ ਤੁਹਾਡੇ ਲਈ ਕੁਰਸੀਆਂ ਲਗਵਾਇਆ ਕਰਦਾ ਸੀ। ਉਹ ਵੱਖਰੀ ਤਰ੍ਹਾਂ ਦੇ ਦਿਨ ਸਨ, ਜਦੋਂ ਅਸੀਂ ਖੁੱਲ੍ਹ ਕੇ ਗੱਲਬਾਤ ਕਰਦੇ ਸਾਂ। ਮੇਰਾ ਤੁਹਾਡੇ ਨਾਲ ਬਹੁਤ ਹੀ ਖੂਬਸੂਰਤ ਰਿਸ਼ਤਾ ਰਿਹਾ ਅਤੇ ਇਸ ਨਾਲ ਗੁਜਰਾਤ ਵਿੱਚ ਮੈਨੂੰ ਬਹੁਤ ਮਦਦ ਮਿਲੀ ਸੀ।’’
ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਰਸਮੀ ਤੌਰ ’ਤੇ ਮੀਡੀਆ ਦੇ ਸਨਮੁੱਖ ਹੋਏ ਅਤੇ ਉਨ੍ਹਾਂ ਮੀਡੀਆ ਨਾਲ ਆਪਣੇ ਸਬੰਧਾਂ ਨੂੰ ਗਹਿਰੇ ਤੇ ਵਸੀਹ ਬਣਾਉਣ ਦੀ ਉਮੀਦ ਜ਼ਾਹਰ ਕੀਤੀ। ਉਂਜ, ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਪ੍ਰਧਾਨ ਮੰਤਰੀ ਨੇ ਕਿਹਾ, ‘‘ਕੋਈ ਨਾ ਕੋਈ ਰਾਹ ਲੱਭਿਆ ਜਾਵੇਗਾ। ਮੀਡੀਆ ਨਾਲ ਸਿੱਧੇ ਸੰਵਾਦ ਦੀ ਅਹਿਮੀਅਤ ਹੈ।
ਸਿੱਧੀ ਗੱਲਬਾਤ ਰਾਹੀਂ ਕਈ ਅਜਿਹੀਆਂ ਗੱਲਾਂ ਦਾ ਵੀ ਪਤਾ ਚੱਲਦਾ ਹੈ ਜਿਨ੍ਹਾਂ ਬਾਰੇ ਪੱਤਰਕਾਰ ਆਮ ਤੌਰ ’ਤੇ ਰਿਪੋਰਟਾਂ ’ਚ ਜ਼ਿਕਰ ਨਹੀਂ ਕਰਦੇ। ਇਸ ਨਾਲ ਨਾ ਕੇਵਲ ਜਾਣਕਾਰੀ ਸਗੋਂ ਨਜ਼ਰੀਆ ਵੀ ਮਿਲਦਾ ਹੈ। ਇਸ ਮੌਕੇ ਸਰਕਾਰ ਅਤੇ ਭਾਜਪਾ ਦੇ ਅਹਿਮ ਆਗੂ ਮੌਜੂਦ ਸਨ। ਇਨ੍ਹਾਂ ਵਿੱਚ ਪਾਰਟੀ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਮੰਤਰੀ ਰਾਜਨਾਥ ਸਿੰਘ, ਅਰੁਣ ਜੇਤਲੀ, ਸੁਸ਼ਮਾ ਸਵਰਾਜ, ਪ੍ਰਕਾਸ਼ ਜਾਵੜੇਕਰ ਆਦਿ ਸ਼ਾਮਲ ਸਨ। ਮੋਦੀ ਨੇ ‘ਸਵੱਛ ਭਾਰਤ’ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੀਡੀਆ ਨੇ ਇਸ ਬਾਰੇ ਚੇਤਨਾ ਫੈਲਾਉਣ ਦਾ ਕੰਮ ਕੀਤਾ ਹੈ ਅਤੇ ਇਸ ਨਾਲ ਇਹ ਭਰਮ ਵੀ ਦੂਰ ਹੋਇਆ ਕਿ ਹਰ ਕੰਮ ਲਈ ਸਰਕਾਰ ਵੱਲ ਨਹੀਂ ਵੇਖਿਆ ਜਾਣਾ ਚਾਹੀਦਾ।