ਮੋਦੀ ਸਰਕਾਰ : ਸਵੇਰੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਸੁਰੇਸ਼ ਪ੍ਰਭੂ ਸਮੇਤ 21 ਨਵੇਂ ਚਿਹਰੇ ਸ਼ਾਮਲ

0
2183

Modi Cabnet

ਐਨ ਐਨ ਬੀ

ਨਵੀਂ ਦਿੱਲੀ – ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਭਾਜਪਾ ਵਿੱਚ ਸ਼ਾਮਲ ਕੀਤੇ ਸ਼ਿਵ ਸੈਨਾ ਦੇ ਸਾਬਕਾ ਆਗੂ ਸੁਰੇਸ਼ ਪ੍ਰਭੂ ਸਮੇਤ 21 ਨਵੇਂ ਚਿਹਰੇ ਮੋਦੀ ਵਜ਼ਾਰਤ ਵਿੱਚ ਸ਼ਾਮਲ ਕੀਤੇ ਗਏ ਹਨ। ਓਧਰ ਸ਼ਿਵ ਸੈਨਾ ਨੇ ਰਾਜ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਠੁਕਰਾਅ ਦਿੱਤੀ ਅਤੇ ਊਧਵ ਠਾਕਰੇ ਨੇ ਐਲਾਨ ਕੀਤਾ ਹੈ ਕਿ ਜੇ ਭਾਜਪਾ ਐਨ ਸੀ ਪੀ ਦੀ ਬਾਹਰੋਂ ਹਮਾਇਤ ਲੈਂਦੀ ਹੈ ਤਾਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਵਿਰੋਧੀ ਧਿਰ ਵਿੱਚ ਬੈਠਣ ਬਾਰੇ ਸੋਚ ਸਕਦੀ ਹੈ। ਉਨ੍ਹਾਂ ਆਪਣਾ ਵਿਰੋਧ ਹਿੰਦੁਤਵਵਾਦੀ ਵਿਚਾਰਧਾਰਕ ਸਾਂਝ ਦੇ ਮੱਦੇਨਜ਼ਰ ਚੇਤਾਵਨੀ ਤੱਕ ਸੀਮਤ ਵੀ ਰੱਖ ਲਿਆ ਹੈ। ਉਂਜ ਭਾਜਪਾ ਤੇ ਸ਼ਿਵ ਸੈਨਾ ਵਿਚਕਾਰ ਪੈਦਾ ਹੋਈ ਦੂਰੀ ਉਦੋਂ ਹੋਰ ਵਧ ਗਈ, ਜਦੋਂ ਸ਼ਿਵ ਸੈਨਾ ਦੇ ਸਾਬਕਾ ਆਗੂ ਸੁਰੇਸ਼ ਪ੍ਰਭੂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ। ਉਹ ਮੰਤਰੀ ਪਦ ਦੀ ਸਹੁੰ ਚੁੱਕਣ ਲਈ ਸਵੇਰੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਹੁਣੇ-ਹੁਣੇ ਕਾਂਗਰਸ ਵਿੱਚੋਂ ਆਏ ਬੀਰੇਂਦਰ ਸਿੰਘ ਅਤੇ ਭਾਜਪਾ ਦੇ ਸੀਨੀਅਰ ਆਗੂ ਜੇ.ਪੀ. ਨੱਢਾ ਸਮੇਤ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਈ ਮਹੀਨੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਵਜ਼ਾਰਤ ਵਿੱਚ ਇਹ ਪਹਿਲਾ ਵਾਧਾ ਹੈ। ਪਰੀਕਰ ਨੂੰ ਰੱਖਿਆ ਮੰਤਰਾਲਾ ਸੌਂਪਿਆ ਜਾਣਾ ਤੈਅ ਹੈ। ਇਸ ਸਮੇਂ ਵਿੱਤ ਮੰਤਰੀ ਅਰੁਣ ਜੇਤਲੀ ਰੱਖਿਆ ਮੰਤਰਾਲੇ ਦਾ ਵਾਧੂ ਕਾਰਜਭਾਰ ਸੰਭਾਲ ਰਹੇ ਹਨ। ਰਾਸ਼ਟਰਪਤੀ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਏ ਜਾਣ ਸਬੰਧੀ ਸਮਾਗਮ ਤੋਂ ਐਨ ਪਹਿਲਾਂ ਸ਼ਿਵ ਸੈਨਾ ਨੇ ਆਪਣੇ ਰਾਜ ਸਭਾ ਮੈਂਬਰ ਅਨਿਲ ਦੇਸਾਈ ਨੂੰ ਦਿੱਲੀ ਹਵਾਈ ਅੱਡੇ ਤੋਂ ਹੀ ਵਾਪਸ ਮੁੰਬਈ ਪਰਤਣ ਲਈ ਕਹਿ ਕੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਤੋਂ ਪਾਸਾ ਵੱਟ ਲਿਆ। ਸੂਤਰਾਂ ਅਨੁਸਾਰ ਸ਼ਿਵ ਸੈਨਾ ਮੰਤਰੀ ਮੰਡਲ ਵਿੱਚ ਦੋ ਹੋਰ ਕੈਬਨਿਟ ਮੰਤਰੀ ਬਣਾਉਣ ਦੀ ਮੰਗ ਕਰ ਰਹੀ ਸੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਿਵ ਸੈਨਾ ਨੂੰ ਦੱਸਿਆ ਕਿ ਕੇਵਲ ਦੇਸਾਈ ਨੂੰ ਸਿਰਫ ਰਾਜ ਮੰਤਰੀ ਦਾ ਅਹੁਦਾ ਹੀ ਦਿੱਤਾ ਜਾ ਸਕਦਾ ਹੈ। ਮੰਤਰੀ ਮੰਡਲ ਵਿੱਚ ਕੀਤੇ ਗਏ ਵਾਧੇ ਦੌਰਾਨ ਬੰਦਾਰੂ ਦੱਤਾਤਰੇਈਆ, ਰਾਜੀਵ ਪ੍ਰਤਾਪ ਰੂਡੀ, ਜੋ ਵਾਜਪਾਈ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਸਨ, ਨੂੰ ਗੌਤਮ ਬੁੱਧ ਨਗਰ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਸਮੇਤ ਰਾਜ ਮੰਤਰੀ (ਆਜ਼ਾਦ ਕਾਰਜਭਾਰ) ਵਜੋਂ ਸਹੁੰ ਚੁਕਾਈ ਗਈ।
ਇਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਭਵਨ ਵਿੱਚ ਹੋਏ ਪ੍ਰਭਾਵਸ਼ਾਲੀ ਸਮਾਗਮ ਵਿੱਚ 14 ਹੋਰ ਰਾਜ ਮੰਤਰੀਆਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਨ੍ਹਾਂ ਵਿੱਚ ਮੁਖ਼ਤਾਰ ਅੱਬਾਸ ਨਕਵੀ (ਉੱਤਰ ਪ੍ਰਦੇਸ਼), ਰਾਮ ਕ੍ਰਿਪਾਲ ਯਾਦਵ (ਬਿਹਾਰ), ਹਰੀ ਭਾਈ ਪਾਰਤੀ ਭਾਈ ਚੌਧਰੀ, ਮੋਹਨ ਭਾਈ ਕਲਿਆਣਜੀ ਭਾਈ ਕੁੰਦਰੀਆ (ਦੋਵੇਂ ਗੁਜਰਾਤ), ਸਨਵਾਰ ਲਾਲ ਜਾਟ (ਰਾਜਸਥਾਨ), ਗਿਰੀਰਾਜ ਸਿੰਘ (ਬਿਹਾਰ), ਹੰਸ ਰਾਜ ਗੰਗਾਰਾਮ ਅਹੀਰ (ਮਹਾਰਾਸ਼ਟਰ), ਰਾਮ ਸ਼ੰਕਰ ਕਥੇਰੀਆ (ਉੱਤਰ ਪ੍ਰਦੇਸ਼), ਵਾਈ.ਐਸ. ਚੌਧਰੀ (ਆਂਧਰਾ ਪ੍ਰਦੇਸ਼), ਜੈਅੰਤ ਸਿਨਹਾ (ਝਾਰਖੰਡ), ਰਾਜਯ ਵਰਧਨ ਸਿੰਘ ਰਾਠੌਰ (ਰਾਜਸਥਾਨ), ਬਾਬੁਲ ਸੁਪਰੀਓ (ਪੱਛਮੀ ਬੰਗਾਲ), ਸਾਧਵੀ ਨਿਰੰਜਨ ਜਿਓਤੀ (ਉੱਤਰ ਪ੍ਰਦੇਸ਼) ਅਤੇ ਵਿਜੈ ਸਾਂਪਲਾ (ਪੰਜਾਬ) ਸ਼ਾਮਲ ਹਨ। ਇਹ ਜ਼ਿਕਰਯੋਗ ਹੈ ਕਿ ਭਾਜਪਾ ਦੇ ਉਪ ਪ੍ਰਧਾਨ ਤੇ ਵਾਜਪਾਈ ਸਰਕਾਰ ਵਿੱਚ ਮੰਤਰੀ ਰਹੇ ਸ੍ਰੀ ਨਕਵੀ ਨੂੰ ਸਿਰਫ ਰਾਜ ਮੰਤਰੀ ਬਣਾਇਆ ਗਿਆ ਹੈ। ਹੁਣ ਮੋਦੀ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਸੰਖਿਆ 45 ਤੋਂ 66 ਹੋ ਗਈ ਹੈ। ਇਨ੍ਹਾਂ ਵਿੱਚ ਹੁਣ ਪ੍ਰਧਾਨ ਮੰਤਰੀ ਸਮੇਤ ਕੈਬਨਿਟ ਦਰਜੇ ਦੇ 27, 13 ਆਜ਼ਾਦ ਕਾਰਜਭਾਰ ਵਾਲੇ ਰਾਜ ਮੰਤਰੀ ਤੇ 26 ਰਾਜ ਮੰਤਰੀ ਸ਼ਾਮਲ ਹਨ।
ਸਹੁੰ ਚੁੱਕ ਸਮਾਗਮ ਵਿੱਚ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਰਾਜ ਸਭਾ ਦੇ ਡਿਪਟੀ ਚੇਅਰਪਰਸਨ ਪੀ.ਜੇ. ਕੁਰੀਅਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਸਾਰੇ ਮੰਤਰੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸੀਨੀਅਰ ਭਾਜਪਾ ਆਗੂ ਐਲ.ਕੇ. ਅਡਵਾਨੀ ਸ਼ਾਮਲ ਸਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਰਾਜਾਂ ਵਿੱਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਇਨ੍ਹਾਂ ਦੇ ਨਾਲ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੀ ਸ਼ਾਮਲ ਸਨ। ਕਾਂਗਰਸ ਦਾ ਕੋਈ ਆਗੂ ਇਸ ਮੌਕੇ ਹਾਜ਼ਰ ਨਹੀਂ ਸੀ। ਸਹੁੰ ਚੁੱਕਣ ਤੋਂ ਪਹਿਲਾਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਨਵੇਂ ਵਜ਼ੀਰਾਂ ਨੇ ਪ੍ਰਧਾਨ ਮੰਤਰੀ ਨਾਲ ਨਾਸ਼ਤਾ ਕੀਤਾ।

Also Read :   ਸਿੱਖ ਵਿਰੋਧੀ ਕਤਲੇਆਮ : ਅਮਰੀਕੀ ਅਦਾਲਤ ਵੱਲੋਂ ਅਮਿਤਾਭ ਬੱਚਨ ਨੂੰ ਸੰਮਨ ਜਾਰੀ

ਮੋਦੀ ਕੈਬਨਿਟ ਵਿੱਚ ਉੱਤਰੀ ਭਾਰਤ ਛਾਇਆ

ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਵਿਜੇ ਸਾਂਪਲਾ ਭਾਜਪਾ ਦਾ ਦਲਿਤ ਚਿਹਰਾ ਬਣ ਕੇ ਉੱਭਰੇ ਹਨ। ਇਸ ਖਿੱਤੇ ਤੋਂ ਚਾਰ ਮੰਤਰੀ ਪਹਿਲਾਂ ਹੀ ਮੋਦੀ ਮੰਤਰੀ ਮੰਡਲ ‘ਚ ਸ਼ਾਮਲ ਸਨ ਤੇ ਹੁਣ ਇਸ ਨੂੰ ਤਿੰਨ ਹੋਰ ਅਹੁਦੇ ਮਿਲ ਗਏ ਹਨ, ਜਿਸ ਨਾਲ 66 ਮੈਂਬਰੀ ਮੰਤਰੀ ਮੰਡਲ ਵਿੱਚ ਉੱਤਰੀ ਖੇਤਰ ਦੇ ਮੰਤਰੀਆਂ ਦੀ ਪ੍ਰਤੀਨਿਧਤਾ 10 ਫੀਸਦੀ ਤੋਂ ਵੱਧ ਹੋ ਗਈ ਹੈ। ਕੈਬਨਿਟ ‘ਚ ਆਉਣ ਵਾਲੇ ਸਾਂਪਲਾ ਪੰਜਾਬ ਤੋਂ ਦੂਜੇ ਸੰਸਦ ਮੈਂਬਰ ਹਨ। ਬੀਰੇਂਦਰ ਸਿੰਘ ਦੀ ਸ਼ਮੂਲੀਅਤ ਨਾਲ ਹਰਿਆਣਾ ਤੋਂ ਹੁਣ ਤਿੰਨ ਮੰਤਰੀ ਹੋ ਗਏ ਹਨ। ਜੰਮੂ-ਕਸ਼ਮੀਰ ਦੀ ਪ੍ਰਤੀਨਿਧਤਾ ਪਹਿਲਾਂ ਹੀ ਜਿਤੇਂਦਰ ਸਿੰਘ ਕਰ ਰਹੇ ਹਨ ਤੇ ਹਿਮਾਚਲ ਪ੍ਰਦੇਸ਼ ਨੂੰ ਜਗਤ ਪ੍ਰਕਾਸ਼ ਨੱਢਾ ਨਾਲ ਪ੍ਰਤੀਨਿਧਤਾ ਮਿਲ ਗਈ ਹੈ। ਇਹ ਸਾਰੇ ਨਵੇਂ ਸ਼ਾਮਲ ਕੀਤੇ ਮੰਤਰੀ ਵੱਖ-ਵੱਖ ਪਿਛੋਕੜ ਵਾਲੇ ਅਤੇ ਵੱਖੋ-ਵੱਖਰੇ ਭਾਈਚਾਰਿਆਂ ਤੇ ਜਾਤਾਂ ਨਾਲ ਸਬੰਧ ਰੱਖਦੇ ਹਨ। ਪੰਜਾਬ ਤੋਂ ਪਹਿਲਾਂ ਸ਼੍ਰੋਰਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਮਿਸਰਤ ਕੌਰ ਬਾਦਲ ਮੰਤਰੀ ਹੈ। ਹਰਿਆਣਾ ਦੇ ਫਰੀਦਾਬਾਦ ਤੋਂ ਕ੍ਰਿਸ਼ਨ ਪਾਲ ਗੁੱਜਰ ਤੇ ਗੁੜਗਾਓਂ ਦੇ ਸੰਸਦ ਮੈਂਬਰ ਰਾਓ ਇੰਦਰਜੀਤ ਸਿੰਘ ਕੇਂਦਰੀ ਕੈਬਨਿਟ ਦਾ ਹਿੱਸਾ ਹਨ ਤੇ ਹੁਣ ਬੀਰੇਂਦਰ ਸਿੰਘ ਦੀ ਸ਼ਮੂਲੀਅਤ ਹੋ ਗਈ ਹੈ। ਵਿੱਤ ਮੰਤਰੀ ਅਰੁਨ ਜੇਤਲੀ ਨੇ ਵੀ ਕਿਉਂਕਿ ਅੰਮ੍ਰਿਤਸਰ ਤੋਂ ਚੋਣ ਲੜੀ ਸੀ, ਉਨ੍ਹਾਂ ਨੂੰ ਪੰਜਾਬ ਕੋਟੇ ‘ਚੋਂ ਹੀ ਗਿਣਿਆ ਜਾ ਰਿਹਾ ਹੈ। ਮੋਦੀ ਖੁਦ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉੱਤਰੀ ਭਾਰਤ ਦੇ ਚਾਰ ਰਾਜਾਂ ਦੇ ਭਾਜਪਾ ਦੇ ਇੰਚਾਰਜ ਰਹੇ ਹਨ।
ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਸੂਬੇ ਵਿੱਚੋਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਕੈਬਨਿਟ ਮੰਤਰੀ ਬਣ ਗਏ ਹਨ। ਇਹਦੇ ਨਾਲ਼ ਹੀ ਰਾਜ ਅੰਦਰ ਬਗਾਵਤੀ ਤੇਵਰ ਕਾਬੂ ਹੇਠ ਕਰ ਲਏ ਗਏ ਹਨ।

Also Read :   ਪੰਜਾਬ ਕਾਂਗਰਸ ਦੀ ਧੜੇਬੰਦੀ ਹੋਰ ਤੇਜ਼ ਹੋਣ ਦੇ ਆਸਾਰ

ਧੂਮਲ ਖ਼ਾਨਦਾਨ ਨੂੰ ਝਟਕਾ, ਨੱਡਾ ਦੀ ਚਾਂਦੀ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਭਾਜਪਾ ਆਗੂ ਜੇ.ਪੀ. ਨੱਢਾ ਦੀ ਕੇਂਦਰੀ ਕੈਬਨਿਟ ਵਿੱਚ ਹੋਈ ਸ਼ਮੂਲੀਅਤ ਰਾਜ ਦੇ ਦੋ ਵਾਰ ਮੁੱਖ ਮੰਤਰੀ ਰਹੇ ਪ੍ਰੇਮ ਕੁਮਾਰ ਧੂਮਲ ਲਈ ਦੋਹਰਾ ਝਟਕਾ ਸਮਝੀ ਜਾ ਰਹੀ ਹੈ। ਨੱਢਾ ਸਾਫ਼ ਸੁਥਰੇ ਅਕਸ ਵਾਲ਼ੇ ਨੇਤਾ ਮੰਨੇ ਜਾਂਦੇ ਹਨ, ਜਦਕਿ ਧੂਮਲ ਤੇ ਉਨ੍ਹਾਂ ਦੇ ਬੇਟੇ ਅਨੁਰਾਗ ਠਾਕੁਰ ਉਪਰ ਧਰਮਸ਼ਾਲਾ ਦੀ ਅਦਾਲਤ ਵਿੱਚ ਮੁਕੱਦਮਾ ਚੱਲ  ਰਿਹਾ ਹੈ। ਧੂਮਲ ਨੂੰ ਪਹਿਲਾਂ ਝਟਕਾ ਅਨੁਰਾਗ ਠਾਕੁਰ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਜਗ੍ਹਾ ਨਾ ਮਿਲਣ  ਦਾ ਲੱਗਿਆ ਹੈ, ਜਦਕਿ ਦੂਜਾ ਝਟਕਾ 2017 ਦੀਆਂ  ਵਿਧਾਨ ਸਭਾ ਚੋਣਾਂ ਵਿੱਚ ਲੱਗ ਸਕਦਾ ਹੈ, ਜਿਸ ਵੇਲੇ ਨੱਢਾ ਦੇ ਰਾਜ ਅੰਦਰ ਭਾਜਪਾ ਦੇ ਮੁੱਖ ਮੰਤਰੀ ਲਈ ਉਮੀਦਵਾਰ ਥਾਪੇ ਜਾਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਇਹ ਦਾਅਵਾ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਾਲ 2010 ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਨੱਢਾ ਨੂੰ ਮਤਭੇਦ ਹੋਣ ਕਾਰਨ ਜੰਗਲਾਤ ਮੰਤਰੀ ਵਜੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਸੀ। ਇਸ ਵੇਲੇ ਨੱਢਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤੇ ਨੇੜੇ ਹਨ। ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਕੇਂਦਰੀ ਲੀਡਰਸ਼ਿਪ ਵਿੱਚ ਆਪਣਾ ਅਹਿਮ ਸਥਾਨਾ ਬਣਾਇਆ ਹੈ। ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ‘ਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਕਾਰਨ ਪਾਰਟੀ ਰਾਜ ਦੀਆਂ ਸਾਰੀਆਂ ਚਾਰੇ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਉਨ੍ਹਾਂ ਦਾ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਅਹਿਮ ਰੋਲ ਹੋਣਾ ਸਮਝਿਆ ਜਾ ਰਹਿਾ ਹੈ।

Also Read :   Kisan Goshthees at CII Agro Tech 2014

LEAVE A REPLY

Please enter your comment!
Please enter your name here