ਮੋਰਿੰਡਾ ਮੰਡੀ ’ਚ ਝੋਨੇ ਦੇ ਅੰਬਾਰ, ‘ਤਲਵੰਡੀ ਸਾਬੋ’ ਦਾ ਬੇੜਾ ਪਾਰ

0
717

 

purchase-centre

ਐਨ ਐਨ ਬੀ

ਮੋਰਿੰਡਾ – ਮੋਰਿੰਡਾ ਮੰਡੀ ਵਿੱਚ ਜੀਰੀ ਦੀ ਆਮਦ ਦੇ ਕਈ ਦਿਨ ਬੀਤਣ ਬਾਅਦ ਵੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਸ਼ੁਰੂ ਨਹੀਂ ਕੀਤੀ ਗਈ। ਸਰਕਾਰੀ ਖਰੀਦ ਏਜੰਸੀਆਂ ਵਿੱਚ ਪਨਸਪ, ਪਨਗਰੇਨ, ਵੇਅਰਹਾਊਸ ਆਦਿ ਸ਼ਾਮਲ ਹਨ। ਮਾਰਕੀਟ ਕਮੇਟੀ ਦੇ ਸਕੱਤਰ ਵਿਨੋਦ ਕਪੂਰ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਜੀਰੀ ਦੀ ਖਰੀਦ ਨਹੀਂ ਕਰ ਰਹੀਆਂ। ਉਧਰ ਕੁਝ ਆੜ੍ਹਤੀਆਂ ਨੇ ਦੱਸਿਆ ਕਿ ਉਹ ਕਿਸਾਨਾਂ ਦੀ ਸੁੱਕੀ ਜੀਰੀ ਨੂੰ ਭਰ ਰਹੇ ਹਨ, ਪਰ ਇਸ ਦੇ ਅਜੇ ਬਿੱਲ ਨਹੀਂ ਪੈ ਰਹੇ। ਇਸ ਕਾਰਨ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੜ੍ਹਤੀਏ ਮੰਗ ਕਰ ਰਹੇ ਸਨ ਕਿ ਇਸ ਸਮੱਸਿਆ ਦਾ ਹੱਲ ਛੇਤੀ ਹੋਣਾ ਚਾਹੀਦਾ ਹੈ। ਉਧਰ ਮੰਡੀ ਵਿੱਚ ਜੀਰੀ ਦੀ ਆਮਦ ਲਗਾਤਾਰ ਹੋ ਰਹੀ ਹੈ।

ਓਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ‘ਸਿਆਸੀ ਮਿਹਰ’ ਨੇ ਹਲਕਾ ਤਲਵੰਡੀ ਸਾਬੋ ਦੇ ਖ਼ਰੀਦ ਕੇਂਦਰ ਚਮਕਾਂ ਮਾਰਨ ਲਾ ਦਿੱਤੇ ਹਨ, ਜਦਕਿ ਬਾਕੀ ਜ਼ਿਲ੍ਹੇ ਦੇ ਖ਼ਰੀਦ ਕੇਂਦਰ ਧੂੜ ਫੱਕ ਰਹੇ ਹਨ। ਇਸ ਤਰ੍ਹਾਂ ਲਗਦਾ ਹੈ ਕਿ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਕਿਸਾਨਾਂ ਨੂੰ ਰਾਸ ਆ ਗਈ ਹੈ, ਹਾਲਾਂਕਿ ਜ਼ਿਲ੍ਹੇ ਦੇ ਬਾਕੀ ਖ਼ਰੀਦ ਕੇਂਦਰ ਫੰਡਾਂ ਦੀ ਘਾਟ ਕਾਰਨ ਪੱਕੇ ਨਹੀਂ ਹੋ ਸਕੇ। ਦਰਅਸਲ ਹਾੜ੍ਹੀ-ਸਾਉਣੀ ਦੇ ਸੀਜ਼ਨ ਵੇਲੇ ਹੀ ਕੱਚੇ ਫੜ੍ਹਾਂ ਨੂੰ ਪੱਕੇ ਕਰਨ ਦਾ ਮੁੱਦਾ ਉਠਦਾ ਹੈ। ਉਹ ਦਿਨ ਗੁਜ਼ਰਦੇ ਹੀ ਕਿਸਾਨ ਸਭਾਵਾਂ ਵੀ ਸੌਂ ਜਾਂਦੀਆਂ ਹਨ।

ਮੁੱਖ ਮੰਤਰੀ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਹਲਕਾ ਤਲਵੰਡੀ ਸਾਬੋ ਦੇ ਦੋ ਪਿੰਡਾਂ ਨੇ ਖਰੀਦ ਕੇਂਦਰ ਬਣਾਏ ਜਾਣ ਦੀ ਮੰਗ ਰੱਖੀ। ਪੰਜਾਬ ਸਰਕਾਰ ਨੇ ਨੰਗਲਾ ਅਤੇ ਲਹਿਰੀ ਵਿੱਚ ਨਵੇਂ ਖਰੀਦ ਕੇਂਦਰ ਬਣਾ ਦਿੱਤੇ ਹਨ, ਜਿਥੇ ਪਹਿਲੀ ਵਾਰ ਝੋਨੇ ਦੀ ਫ਼ਸਲ ਵਿਕੇਗੀ। ਜਿੱਥੋਂ ਤੱਕ ਬਾਕੀ ਖਰੀਦ ਕੇਂਦਰਾਂ ਦਾ ਸਬੰਧ ਹੈ,  ਮੁੱਖ ਮੰਤਰੀ ਨੇ ਪੰਜਾਬ ਮੰਡੀ ਬੋਰਡ ਨੂੰ ‘ਖਰੀਦ ਕੇਂਦਰ ਤੁਰੰਤ ਪੱਕੇ ਕਰਨ’ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਦ ਤਾਮੀਲ ਹਾਲੇ ਨਾ ਜਾਣੇ ਕਦੋਂ ਹੋਣੀ ਹੈ। ਵੈਸੇ ਪੰਜਾਬ ਮੰਡੀ ਬੋਰਡ ਨੇ ਇਸੇ ਮਾਲੀ ਵਰ੍ਹੇ ਵਿੱਚ ਹਲਕਾ ਤਲਵੰਡੀ ਸਾਬੋ ਦੇ ਪਿੰਡ ਜੱਜਲ ਅਤੇ ਪਿੰਡ ਸ਼ੇਰਗੜ੍ਹ ਦੇ ਖਰੀਦ ਕੇਂਦਰ ਪੱਕੇ ਕਰ ਦਿੱਤੇ ਹਨ। ਪਿੰਡ ਭਾਗੀ ਵਾਂਦਰ ਅਤੇ ਜੀਵਨ ਸਿੰਘ ਵਾਲਾ ਦੇ ਖਰੀਦ ਕੇਂਦਰ ਇੱਕ ਇੱਕ ਏਕੜ ਦੇ ਵਿਸਥਾਰ ਸਮੇਤ ਪੱਕੇ ਹੋਏ ਹਨ।

ਬਠਿੰਡਾ ਜ਼ਿਲ੍ਹੇ ਦੇ 16 ਖਰੀਦ ਕੇਂਦਰ ਕੱਚੇ ਹਨ, ਜਿਨ੍ਹਾਂ ਵਿੱਚ ਹੁਣ ਤਲਵੰਡੀ ਸਾਬੋ ਦਾ ਸਿਰਫ਼ ਇੱਕ ਹੀ ਖਰੀਦ ਕੇਂਦਰ ਗਾਟਵਾਲੀ ਕੱਚਾ ਰਹਿ ਗਿਆ ਹੈ। ਪਿੰਡ ਮਾਨਸਾ ਖੁਰਦ ਵਿਚ ਵੀ ਨਵਾਂ ਖਰੀਦ ਕੇਂਦਰ ਬਣਾਇਆ ਗਿਆ ਸੀ, ਜੋ ਕਿ ਚਾਲੂ ਨਹੀਂ ਹੋ ਸਕਿਆ ਹੈ। ਹਲਕਾ ਤਲਵੰਡੀ ਸਾਬੋ ਦੇ ਨਾਲ ਵਾਲੇ ਹਲਕਾ ਮੌੜ ਦੇ ਪਿੰਡ ਰਾਮਨਗਰ, ਘੁੰਮਣ ਖੁਰਦ, ਸੰਦੋਹਾ ਦੇ ਖਰੀਦ ਕੇਂਦਰ ਹਾਲੇ ਵੀ ਕੱਚੇ ਹਨ। ਇਵੇਂ ਹੀ ਪਿੰਡ ਲਹਿਰਾ ਬੇਗਾ,ਬਰਕੰਦੀ ਅਤੇ ਕੋਠੇ ਨੱਥਾ ਸਿੰਘ ਦੇ ਖਰੀਦ ਕੇਂਦਰ ਵੀ ਕੱਚੇ ਹੀ ਹਨ। ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਜਸਵਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਮੰਡੀ ਬੋਰਡ ਤਰਫ਼ੋਂ ਚਾਲੂ ਮਾਲੀ ਸਾਲ ਦੌਰਾਨ ਤਾਂ ਹਲਕਾ ਤਲਵੰਡੀ ਸਾਬੋ ਦੇ ਕੁਝ ਖਰੀਦ ਕੇਂਦਰਾਂ ਦਾ ਵਿਸਥਾਰ ਕਰਨ ਅਤੇ ਦੋ ਖ਼ਰੀਦ ਕੇਂਦਰਾਂ ਨੂੰ ਪੱਕਾ ਕਰਨ ਦੀ ਹੀ ਤਜਵੀਜ਼ ਸੀ, ਜਿਸ ਤਹਿਤ ਇਹ ਪ੍ਰਾਜੈਕਟ ਮੁਕੰਮਲ ਕਰ ਦਿੱਤੇ ਗਏ ਹਨ।