ਐਨ ਐਨ ਬੀ
ਨਵੀਂ ਦਿੱਲੀ – ਸ਼ਿਵ ਸੈਨਾ ਦੇ ਸਾਬਕਾ ਆਗ ਸੁਰੇਸ਼ ਪ੍ਰਭੂ ਜਦੋਂ ਅੱਜ ਰਾਸ਼ਟਰਪਤੀ ਭਵਨ ਵਿੱਚ ਮੰਤਰੀ ਪਦ ਲਈ ਸਹੁੰ ਚੁੱਕ ਰਹੇ ਸਨ ਤਾਂ ਬਹੁਤਿਆਂ ਨੂੰ ਇਹ ਵੀ ਪਤਾ ਹੀ ਨਹੀਂ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ਿਵ ਸੈਨਾ ਤੇ ਭਾਜਪਾ ਦੇ ਰਿਸ਼ਤਿਆਂ ਵਿੱਚ ਆ ਰਹੀ ਖਟਾਸ ਦੇ ਚੱਲਦਿਆਂ ਬਹੁਤੇ ਲੋਕਾਂ ਨੂੰ ਇਹ ਆਸ ਸੀ ਕਿ ਸ਼ਿਵ ਸੈਨਾ ਆਗੂ ਅਨਿਲ ਦੇਸਾਈ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਪਰ ਜਦੋਂ ਭਾਜਪਾ ਨਾਲ ਖ਼ਫ਼ਾ ਹੋਏ ਸ਼ਿਵ ਸੈਨਾ ਸੁਪਰੀਮੋ ਉਧਵ ਠਾਕਰੇ ਨੇ ਦੇਸਾਈ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਤੋਂ ਮਨ੍ਹਾਂ ਕਰਕੇ ਵਾਪਸ ਮੁੰਬਈ ਬੁਲਾ ਲਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਸੁਰੇਸ਼ ਪ੍ਰਭੂ ਹੁਣ ਸ਼ਿਵ ਸੈਨਾ ਨਾਲ ਨਹੀਂ ਰਿਹਾ। ਇਹ ਵੀ ਜ਼ਿਕਰਯੋਗ ਹੈ ਕਿ ਸੁਰੇਸ਼ ਪ੍ਰਭੂ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀ ਸਵੇਰ ਵੇਲ਼ੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਸ਼ਿਵ ਸੈਨਾ ਤੇ ਭਾਜਪਾ ਵਿੱਚ ਚੱਲ ਰਹੀ ਕਸ਼ਮਕਸ਼ ਦੌਰਾਨ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਵ ਸੈਨਾ ਨੂੰ ਨਾਲ ਲੈ ਕੇ ਚੱਲਣ ਤੋਂ ਜ਼ਿਆਦਾ ਤਰਜੀਹ ਸੁਰੇਸ਼ ਪ੍ਰਭੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਨੂੰ ਦਿੱਤੀ ਹੈ। ਕਿੱਤੇ ਵਜੋਂ ਚਾਰਟਰਡ ਅਕਾਊਂਟੈਂਟ ਵਾਜਪਾਈ ਮੰਤਰੀ ਮੰਡਲ ਵਿੱਚ ਵੀ ਕੰਮ ਕਰ ਚੁੱਕੇ ਹਨ ਤੇ ਕੇਂਦਰੀ ਬਿਜਲੀ ਮੰਤਰਾਲੇ ਵਿੱਚ ਕੰਮਕਾਜ ਦੀਆਂ ਨਵੀਆਂ ਰਵਾਇਤਾਂ ਪਾ ਕੇ ਪ੍ਰਸੰਸਾ ਖੱਟੀ ਸੀ ਤੇ ਉਹ ਪ੍ਰਧਾਨ ਮੰਤਰੀ ਮੋਦੀ ਦੇ ਅਨੇਕਾਂ ਮਾਮਲਿਆਂ ਵਿੱਚ ਵਿਸ਼ੇਸ਼ ਸਲਾਹਕਾਰ ਵਜੋਂ ਵਿਚਰਨ ਕਾਰਨ ਆਪਣਾ ਵਿਸ਼ੇਸ਼ ਰੁਤਬਾ ਰੱਖਦੇ ਹਨ। ਇਸ ਤੋਂ ਇਲਾਵਾ ਵੀ ਉਹ ਵਿਸ਼ਵ ਬੈਂਕ ਪਾਰਲੀਮੈਂਟਰੀ ਨੈੱਟਵਰਕ ਦੇ ਚੁਣੇ ਹੋਏ ਮੈਂਬਰ ਹਨ ਤੇ ਦੱਖਣੀ ਏਸ਼ੀਆ ਵਾਟਰ ਕਾਨਫਰੰਸ ਦੇ ਵੀ ਚੇਅਰਮੈਨ ਨਾਮਜ਼ਦ ਹਨ