ਸ਼ਬਦੀਸ਼
ਚੰਡੀਗੜ੍ਹ – ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਕੈਪਟਨ ਅਮਰਿੰਦਰ ਸਿੰਘ ਧੜੇ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਲਾਮਬੰਦੀ ਤੋਂ ਰੋਕ ਨਹੀਂ ਸਕੀ। ਰਾਹੁਲ ਦੀ ਫੇਰੀ ਬਾਬਤ ਆਮ ਰਾਇ ਸੀ ਕਿ ਬਾਜਵਾ ਨੇ ਪੰਜਾਬ ਵਿੱਚ ਢਾਈ ਲੱਖ ਸਰਗਰਮ ਕਾਂਗਰਸੀਆਂ ਦਾ ਨੈਟਵਰਕ ਤਿਆਰ ਕਰਨ ਦੀ ਰਣਨੀਤੀ ਬਣਾਈ ਹੈ ਅਤੇ ਉਹ ਇਸ ਰਣਨੀਤੀ ਤਹਿਤ ਕੈਪਟਨ ਧੜੇ ਦਾ ਟਾਕਰਾ ਕਰ ਸਕਦੇ ਹਨ। ਓਧਰ ਹੰਢੇ ਹੋਏ ਕੈਪਟਨ ਧੜੇ ਨੇ ਬੀਬੀ ਭੱਠਲ ਦੀ ਨੇੜਤਾ ਹਾਸਿਲ ਕਰਨ ਦਾ ਦਾਅ ਖੇਡ ਲਿਆ ਹੈ ਅਤੇ ਨਵੇਂ ਸਿਰਿਓਂ ਆਪਣੀ ਹੋਂਦ ਦਿਖਾਉਣ ਦੇ ਰੌਂਅ ਵਿੱਚ ਹੈ। ਇਹ ਵੀ ਸੰਕੇਤ ਮਿਲ਼ ਰਹੇ ਹਨ ਕਿ ਕੈਪਟਨ ਧੜਾ ਵੱਧ ਤੋਂ ਵੱਧ ਕਾਂਗਰਸੀ ਵਿਧਾਇਕਾਂ ਦੇ ਦਸਤਖਤਾਂ ਹੇਠ ਬਾਜਵਾ ਵਿਰੁੱਧ ਸਾਂਝਾ ਪੱਤਰ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਣ ਦੀ ਤਿਆਰੀ ਵਿੱਚ ਹੈ। ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੈਪਟਨ ਧੜੇ ਨੂੰ ਥੋੜ੍ਹ-ਚਿਰੀ ਸ਼ਾਂਤੀ ਲਈ ਮਜਬੂਰ ਕਰ ਗਏ ਹਨ, ਕਿਉਂਕਿ ਇਨ੍ਹਾਂ ਹਾਲਾਤ ਵਿੱਚ ਰਾਹੁਲ ਦੀ ਮੱਤ ’ਤੇ ਕਾਟਾ ਮਾਰਨਾ ਉਲਟਾ ਪੈ ਸਕਦਾ ਹੈ।
ਕਾਂਗਰਸ ਹਾਈਕਮਾਨ ਹਾਰਾਂ ਤੋਂ ਵੀ ਸਬਕ ਨਾ ਸਿੱਖਣ ਵਾਲੇ ਨੇਤਾਵਾਂ ਪ੍ਰਤੀ ਸਖ਼ਤੀ ਵਰਤ ਸਕਦੀ ਹੈ। ਇਹ ਸੰਕੇਤ ਰਾਹੁਲ ਗਾਂਧੀ ਫੇਰੀ ਦੌਰਾਨ ਦੇ ਵੀ ਗਏ ਸਨ, ਜਿਸਦਾ ਕੈਪਟਨ ਧੜੇ ਦੀ ਸਿਹਤ ’ਤੇ ਭੋਰਾ ਭਰ ਵੀ ਅਸਰ ਨਜ਼ਰ ਨਹੀਂ ਆ ਰਿਹਾ। ਹੁਣ ਕਾਂਗਰਸ ਹਾਈਕਮਾਨ ਕਾਟੋ-ਕਲੇਸ਼ ਨੂੰ ਠੰਢਾ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦਾ ‘ਸਰਵਸਾਂਝਾ ਪ੍ਰਧਾਨ’ ਲੱਭਦੀ ਹੈ ਜਾਂ ਫਿਰ ਬਾਜਵਾ ਦੇ ਹੱਕ ਵਿੱਚ ਅਨੁਸ਼ਾਸਨੀ ਡੰਡਾ ਵਰਤਦੀ ਹੈ, ਇਹ ਸਪੱਸ਼ਟ ਨਹੀਂ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ ਸੀਨੀਅਰ ਕਾਗਰਸੀ ਬਾਜਵਾ ਨੂੰ ਦਿਲੋਂ-ਮਨੋਂ ਪ੍ਰਧਾਨ ਮੰਨਣ ਲਈ ਤਿਆਰ ਨਹੀਂ ਹਨ।
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੂੰ ਅਣਕਿਆਸੀ ਹਾਰ ਹੋਈ ਸੀ ਤਾਂ ਕੈਪਟਨ ਵਿਰੋਧੀਆਂ ਨੇ ਉਨ੍ਹਾਂ ਦੀ ਪ੍ਰਧਾਨਗੀ ਖੋਹਣ ਲਈ ਬਵਾਲ ਖੜ੍ਹਾ ਕੀਤਾ ਸੀ। ਉਸ ਵੇਲੇ ਵੀ ਰਾਹੁਲ ਨੇ ਬਥੇਰੀਆਂ ਮੀਟਿੰਗਾਂ ਕੀਤੀਆਂ ਸਨ ਪਰ ਉਸ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੀ। ਹੁਣ ਵੀ ਰਾਹੁਲ ਗਾਂਧੀ ਦੇ ਭਾਸ਼ਣ ਦਾ ਅਸਰ ਹਵਾ ਹੋ ਕੇ ਰਹਿ ਗਿਆ ਹੈ। ਸੱਚ ਤਾਂ ਇਹ ਹੈ ਕਿ 16 ਅਕਤੂਬਰ ਨੂੰ ਕਾਗਰਦ ਭਵਨ ਤੋਂ ਬਾਹਰ ਆਉਂਦੇ ਨੇਤਾ ਆਪੋ-ਆਪਣੀ ਬੋਲੀ ਬੋਲ ਰਹੇ ਸਨ। ਇਹ ਧੜੇਬੰਦੀ ਵਿੱਚ ਪੰਜਾਬ ਮਹਿਲਾ ਕਾਂਗਰਸ ਦਾ ਸ਼ਾਮਲ ਹੋ ਜਾਣਾ ਰਾਹੁਲ ਗਾਂਧੀ ਪ੍ਰਤੀ ਬੇ-ਪ੍ਰਵਾਹੀ ਦਾ ਸੰਕੇਤ ਹੈ। ਕਈ ਨੇਤਾਵਾਂ ਦੀ ਮਾਨਤਾ ਹੈ ਕਿ ਫੁੱਟ ਕਾਂਗਰਸੀਆਂ ਵਿੱਚ ਨਹੀਂ ਹੈ, ਸਿਰਫ਼ ਕੈਪਟਨ ਤੇ ਬਾਜਵਾ ਵਿਚਕਾਰ ਹੀ ਹੈ। ਜੇ ਰਾਹੁਲ ਅਜਿਹੀਆਂ ਮੀਟਿੰਗਾਂ ਕਰਨ ਦੀ ਥਾਂ ਦੋਵਾਂ ਨੂੰ ਬੰਦ ਕਮਰੇ ਵਿੱਚ ਨਸੀਹਤ ਦਿੰਦੇ ਤਾਂ ਵਧੇਰੇ ਚੰਗੇ ਸਿੱਟੇ ਨਿਕਲ ਸਕਦੇ ਸਨ।