NewZNew (Gurdaspur) : ਜ਼ਿਲ੍ਹਾ ਪੁਲੀਸ (ਗੁਰਦਾਸਪੁਰ) ਨੇ ਅਸਮਾਜਿਕ ਤੱਤਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਛੇ ਮੈਂਬਰੀ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਇÎਕ ਦੇਸੀ ਪਿਸਤੌਲ, ਕਾਰਤੂਸ ਅਤੇ ਸੋਨੇ ਦੇ ਸੱਤ ਤੋਲੇ ਅਤੇ ਚਾਂਦੀ ਦੇ 14.5 ਤੋਲੇ ਗਹਿਣੇ ਬਰਾਮਦ ਹੋਏ ਹਨ। ਇਸੇ ਤਰ੍ਹਾਂ ਇੱਕ ਹੋਰ ਕਾਰਵਾਈ ਵਿੱਚ ਪੁਲੀਸ ਨੇ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਤੇ ਹੋਰ ਸਾਮਾਨ ਕੱਢ ਕੇ ਵੇਚਣ ਦੇ ਧੰਦੇ ਵਿੱਚ ਲਗੇ ਚਾਰ ਮੈਂਬਰੀ ਗਰੋਹ ਨੂੰ ਵੀ ਕਾਬੂ ਕੀਤਾ ਹੈ। ਐਸ.ਪੀ (ਐਚ) ਗੁਰਦਾਸਪੁਰ ਜੇ.ਐਸ.ਕੈਂਥ ਨੇ ਸਥਾਨਕ ਪੁਲੀਸ ਲਾਈਨ ਵਿਖੇ ਕੀਤੀ ਪੈ੍ਰਸ ਕਾਨਫਰੰਸ ਵਿਚ ਇਨ੍ਹਾਂ ਗਰੋਹਾਂ ਬਾਰੇ ਜਾਣਕਾਰੀ ਦਿੱਤੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ 12 ਅਤੇ 13 ਸਤੰਬਰ ਦੀ ਰਾਤ ਥਾਣਾ ਸਿਟੀ ਦੇ ਐਸ.ਐਚ.ਓ. ਗੁਰਦੀਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਸ਼ਹਿਰ ਦੇ ਸ੍ਰੀ ਗੁਰੂ ਰਵੀਦਾਸ ਚੌਕ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਕਿਸੇ ਨੇ ਇਤਲਾਹ ਦਿੱਤੀ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਨੂੰ ਜਾਂਦੀ ਸੁੰਨਸਾਨ ਸੜਕ ਉੱਤੇ ਕੁਝ ਵਿਅਕਤੀ ਬੈਠੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ। ਉਕਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਐਸ.ਐਚ.ਓ. ਗੁਰਦੀਪ ਸਿੰਘ ਨੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਰਾਜਿੰਦਰ ਕੁਮਾਰ ਨੂੰ ਵੀ ਮੌਕੇ ਉੱਤੇ ਬੁਲਾ ਲਿਆ ਅਤੇ ਉਕਤ ਦੱਸੀ ਥਾਂ ’ਤੇ ਛਾਪਾ ਮਾਰਿਆ। ਇਸ ਦੌਰਾਨ ਗਰੋਹ ਦੇ ਮੁਖੀ ਜਿਸਦੀ ਪਛਾਣ ਬਾਅਦ ਵਿੱਚ ਰਿਸ਼ੀ ਵੱਜੋਂ ਹੋਈ ਨੇ ਪੁਲੀਸ ਨੂੰ ਵੇਖਦਿਆਂ ਹੀ ਪਿਸਤੌਲ ਨਾਲ ਫਾਇਰ ਕਰ ਦਿੱਤਾ। ਲੇਕਿਨ ਪੁਲੀਸ ਨੇ ਕਾਰਵਾਈ ਕਰਕੇ ਚਾਰ ਜਣਿਆਂ ਨੂੁੰ ਕਾਬੂ ਕਰ ਲਿਆ, ਜਦੋਂਕਿ ਦੋ ਜਣੇ ਹਨੇਰੇ ਵਿੱਚ ਭੱਜਣ ਵਿੱਚ ਸਫ਼ਲ ਹੋ ਗਏ।
ਕਾਬੂ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਆਪਣੀ ਪਛਾਣ ਰਿਸ਼ੀ (ਗਰੋਹ ਦਾ ਮੁਖੀ)ਅਤੇ ਰਵੀ ਦੋਵੇਂ ਵਾਸੀ ਮੁਹੱਲਾ ਨੂਰੀ ਭਗਤਾਂ ਵਾਲਾ ਗੇਟ (ਅੰਮ੍ਰਿਤਸਰ), ਕਸ਼ਮੀਰ ਸਿੰਘ ਉਰਫ਼ ਟੀਨਾ ਵਾਸੀ ਮੂਲੇਚੱਕ (ਅੰਮ੍ਰਿਤਸਰ) ਅਤੇ ਕਾਲੀ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਦੱਸੀ। ਪੁਲੀਸ ਨੂੰ ਚਕਮਾ ਦੇ ਕੇ ਭੱਜਣ ਵਾਲਿਆਂ ਦੀ ਪਛਾਣ ਵਿਸ਼ਾਲ ਉਰਫ ਕਾਲੂ ਅਤੇ ਬਾਊ ਲਾਲ ਵਾਸੀ ਨੂਰੀ ਭਗਤਾਂ ਵਾਲਾ ਗੇਟ (ਅੰਮ੍ਰਿਤਸਰ) ਵਜੋਂ ਹੋਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਰੋਹ ਦੇ ਮੈਂਬਰਾਂ ਕੋਲੋਂ ਇੱਕ 315 ਬੋਰ ਦੀ ਦੋਸੀ ਪਿਸਤੌਲ, ਚਾਰ ਕਾਰਤੂਸ ਅਤੇ ਖੋਲ੍ਹ, ਲੋਹੇ ਦੀ ਰਾਡ, ਹਥੌੜਾ, ਪਲਾਸ ਅਤੇ ਆਰੀ ਬਰਾਮਦ ਹੋਈ। ਪੁਲੀਸ ਨੇ ਥਾਣਾ ਸਿਟੀ ਵਿਖੇ ਧਾਰਾ 307, 399, 402 ਅਤੇ ਅਸਲਾ ਐਕਟ 25/54/59 ਤਹਿਤ ਕੇਸ ਦਰਜ ਕਰ ਲਿਆ ਹੈ।
ਐਸ.ਪੀ.ਸ੍ਰੀ ਕੈਂਥ ਨੇ ਥਾਣਾ ਕਾਹਨੂੰਵਾਨ ਪੁਲੀਸ ਵੱਲੋਂ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਤੋੜ ਕੇ ਸਾਮਾਨ ਕੱਢ ਕੇ ਵੇਚਣ ਵਾਲੇ ਗਰੋਹ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਝੰਡਾ ਗੁਜਰਾਂ ਵਾਸੀ ਸੁਰਜੀਤ ਸਿੰਘ ਪੁੱਤਰ ਸਰਦਾਰ ਸਿੰਘ10 ਸਤੰਬਰ ਨੂੰ ਡਰਿਲ ਸਿਸਟਮ ਨਾਲ ਲੱਗੇ ਟਰਾਂਸਫਾਰਮਰ ਨਾਲ ਮੋਟਰ ਚਲਾ ਕੇ ਘਰ ਗਿਆ ਸੀ, ਜਦੋਂ ਸਵੇਰੇ ਖੇਤਾਂ ਵਿੱਚ ਆ ਕੇ ਵੇਖਿਆ ਤਾਂ ਬਿਜਲੀ ਦਾ ਟਰਾਂਸਫਾਰਮਰ ਜ਼ਮੀਨ ਉੱਤੇ ਡਿੱਗਾ ਪਿਆ ਸੀ। ਟਰਾਂਸਫਾਰਮ ਵਿੱਚੋਂ ਸਾਮਾਨ ਗਾਇਬ ਸੀ। ਇਸੇ ਤਰ੍ਹਾਂ ਉਸਦੇ ਭਰਾ ਫਤਿਹ ਸਿੰਘ ਅਤੇ ਗੁਆਂਢੀ ਜਰਨੈਲ ਸਿੰਘ ਦੇ ਖੇਤਾਂ ਵਿੱਚ ਲੱਗੇ ਬਿਜਲੀ ਟਰਾਂਸਫਾਰਮਰ ਵਿੱਚੋਂ ਵੀ ਤਾਂਬੇ ਦੀਆਂ ਤਾਰਾਂ ਅਤੇ ਤੇਲ ਕੱਢਿਆ ਗਿਆ ਸੀ। ਪੁਲੀਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਏ.ਐਸ.ਆਈ.ਗੁਰਮੀਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਪਿੰਡ ਭੱਟੀਆਂ ਪੁੱਲ ਨਹਿਰ ਉੱਤੇ ਨਾਕਾ ਲਗਾਇਆ ਹੋਇਆ ਸੀ ਕਿ ਜਰਨੈਲ ਸਿੰਘ,ਹਰਦੇਵ ਸਿੰਘ , ਅਮਰਜੀਤ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਕੋਟਲੀ ਢੋਲੇ ਸ਼ਾਹ ਥਾਣਾ ਕੱਥੂ ਨੰਗਲ ਪੁਲੀਸ ਦੇ ਹੱਥ ਆ ਗਏ। ਇਸ ਗਰੋਹ ਦਾ ਇਕ ਮੈਂਬਰ ਹਾਲੇ ਫਰਾਰ ਹੈ ਜਿਸ ਦੀ ਪਛਾਣ ਹੀਰਾ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਮੋਟਰਸਾਈਕਲ ਅਤੇ ਛੇ ਟੁੱਟੇ ਹੋਏ ਕਾਪਰ ਕੁਆਇਲ ਟਰਾਂਸਫਾਰਮਰ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਦਿਨ ਸਮੇਂ ਉਹ ਮੋਟਰਸਾਈਕਲ ਉੱਤੇ ਇਲਾਕੇ ਦੀ ਰੇਕੀ ਕਰਦੇ ਸਨ ਅਤੇ ਰਾਤ ਨੂੰ ਵਾਰਦਾਤ ਨੂੁੰ ਅੰਜਾਮ ਦਿੰਦੇ ਸਨ। ਉਨ੍ਹਾਂ ਨੇ ਪਿੰਡ ਕਿਸ਼ਨਪੁਰ, ਜਗਤਪੁਰ ਖੁਰਦ ਤੇ ਜਾਪੂਵਾਲ ਵਿੱਚੋਂ ਵੀ ਤਾਰ ਅਤੇ ਤੇਲ ਚੋਰੀ ਕਰਨਾ ਮੰਨਿਆ ਹੈ।