ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਵਾਬਦੇਹ ਨਹੀਂ ਹਾਂ : ਪ੍ਰਤਾਪ ਸਿੰਘ ਬਾਜਵਾ
ਐਨ ਐਨ ਬੀ
ਲੁਧਿਆਣਾ – ਜ਼ਿਲ੍ਹਾ ਕਾਂਗਰਸ ਲੁਧਿਆਣਾ ਦੇ ਲਾਹੇ ਗਏ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ’ਤੇ ਦੋਸ਼ ਲਾਏ ਕਿ ਉਹ ਸੂਬੇ ਵਿੱਚ ਰੇਤ ਮਾਫ਼ੀਆ ਦੇ ਨਾਲ ਮਿਲੇ ਹੋਏ ਹਨ। ਕਾਂਗਰਸ ਨੇ ਰੇਤ ਮਾਫ਼ੀਆ ਖ਼ਿਲਾਫ਼ ਮੋਰਚਾ ਖੋਲ੍ਹਣਾ ਸੀ, ਪਰ ਬਾਜਵਾ ਦੇ ‘ਰਿਸ਼ਤਿਆਂ’ ਕਾਰਨ ਕਾਂਗਰਸੀਆਂ ਦੀ ਇਹ ਯੋਜਨਾ ਪੂਰੀ ਨਾ ਹੋ ਸਕੀ। ਉਨ੍ਹਾਂ ਨੇ ਅਨੁਸ਼ਾਸਨ ਤੋੜਨ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਅਸਲ ਵਿੱਚ ਬਾਜਵਾ ਖ਼ੁਦ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ’ਚ ਕਾਂਗਰਸ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੋਕਾਂ ਨੂੰ ਭੜਕਾ ਕੇ ਅਨੁਸ਼ਾਸਨ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਵੱਲੋਂ ਦੋਸ਼ ਲਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਜਵਾਬਦੇਹ ਵੀ ਨਹੀਂ ਹਨ, ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ।
ਪਵਨ ਦੀਵਾਨ ਨੇ ਦੋਸ਼ ਲਾਇਆ ਕਿ ਬਾਜਵਾ ਪਹਿਲੇ ਦਿਨ ਤੋਂ ਹੀ ਪਾਰਟੀ ਆਗੂਆਂ ਅਤੇ ਅਹੁਦੇਦਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਿਆਨ ਜਾਰੀ ਕਰਨ ਲਈ ਕਹਿ ਰਹੇ ਸਨ। ਉਨ੍ਹਾਂ ਨੂੰ ਉਤਾਰਨ ਪ੍ਰਧਾਨ ਦੇ ਅਹੁਦੇ ਦਾ ਇਹੋ ਮੁੱਖ ਕਾਰਨ ਹੈ ਕਿ ਉਨ੍ਹਾਂ ਨੇ ਕੈਪਟਨ ਖ਼ਿਲਾਫ਼ ਜਾਰੀ ਕੀਤੇ ਬਿਆਨਾਂ ’ਤੇ ਦਸਤਖ਼ਤ ਤੋਂ ਇਨਕਾਰ ਕਰ ਦਿੱਤਾ ਸੀ। ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਨ੍ਹਾ ਪਟਿਆਲਾ ਵਿੱਚ ਉਮੀਦਵਾਰ ਪਰਨੀਤ ਕੌਰ ਲਈ ਕੰਮ ਕੀਤਾ ਸੀ, ਜਿਸਦਾ ਗੁੱਸਾ ਕੱਢਿਆ ਗਿਆ ਹੈ, ਕਿਉਂਕਿ ਬਾਜਵਾ ਤਲਵੰਡੀ ਸਾਬੋ ਵਿੱਚ ਪ੍ਰਚਾਰ ਕਰਨ ਲਈ ਆਖ ਰਹੇ ਸਨ। ਉਨ੍ਹਾਂ ਨੇ ਸਫਾਈ ਪੇਸ਼ ਕਰਦਿਆਂ ਕਿਹਾ ਮੈਨੂੰ ਸ਼ਹਿਰੀ ਇਲਾਕਿਆਂ ਵਿੱਚ ਕੰਮ ਕਰਨ ਦਾ ਤਜਰਬਾ ਹੈ ਅਤੇ ਪੇਂਡੂ ਹਲਕੇ ਤਲਵੰਡੀ ਸਾਬੋ ਵਿੱਚ ਕੰਮ ਕਰਨਾ ਮੁਸ਼ਕਲ ਸੀ।
ਪਵਨ ਦੀਵਾਨ ਨੇ ਕਿਹਾ ਕਿ ਉਹ ਸ੍ਰੀ ਬਾਜਵਾ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਲਾਹੁਣ ਲਈ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਮਿਲਣ ਦਾ ਸਮਾਂ ਮੰਗਣਗੇ ਤਾਂ ਜੋ ਸੂਬੇ ਵਿੱਚ ਪਾਰਟੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਬਾਜਵਾ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਦੋਂ ਤੋਂ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਉਹ ਆਪਣੀ ਗੁਰਦਾਸਪੁਰ ਸੀਟ ਵੀ ਨਹੀਂ ਜਿੱਤ ਸਕੇ ਅਤੇ ਆਪਣੇ ਘਰੇਲੂ ਵਿਧਾਨ ਸਭਾ ਹਲਕੇ ਵਿੱਚ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।