ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ‘ਕੁਝ ਬੇਵਕੂਫਾਂ ਦੀ ਕਰਤੂਤ’ ਕਰਾਰ ਦਿੱਤਾ
ਐਨ ਐਨ ਬੀ
ਸ਼੍ਰੀਨਗਰ– ਇਹਨੀਂ ਦਿਨੀਂ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਭਾਰਤੀ ਮੁਸਲਮਾਨਾਂ ਦੀ ਦੇਸ਼ਭਗਤੀ ਨੂੰ ਸ਼ੱਕੀ ਦਰਸਾਏ ਜਾਣ ਨੂੰ ਕੌਮਾਂਤਰੀ ਮੰਚਾਂ ’ਤੇ ਰੱਦ ਕਰ ਰਹੇ ਹਨ ਅਤੇ ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਦਖ਼ਲ ਦੀ ਮੰਗ ਤੋਂ ਜਵਾਬ ਦੇ ਕੇ ਪਾਕਿਸਤਾਨ ਨੂੰ ਨਮੋਸ਼ੀ ਦੀ ਹਾਲਤ ਵਿੱਚ ਸੁੱਟ ਦਿੱਤਾ ਹੈ, ਵਾਦੀ-ਏ-ਕਸ਼ਮੀਰ ਵਿੱਚ ਆਈ ਐਸ ਆਈ ਐਸ ਦਾ ਝੰਡਾ ਲਹਿਰਾਏ ਜਾਣ ਦੀਆਂ ਖ਼ਬਰਾਂ ਨੇ ਖੁਫੀਆ ਤੰਤਰ ਨੂੰ ਗੰਭੀਰ ਚੁਣੌਤੀ ਦੇ ਦਿੱਤੀ ਹੈ। ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਇਸਨੂੰ ‘ਕੁਝ ਬੇਵਕੂਫਾਂ ਦੀ ਕਰਤੂਤ’ ਆਖ ਕੇ ਰੱਦ ਕਰ ਦਿੱਤਾ ਹੈ, ਜਦਕਿ ਲੈਫਟੀਨੈਂਟ ਜਨਰਲ ਸੁਬ੍ਰਤ ਸਾਹਾ ਨੇ ਗੰਭੀਰ ਖ਼ਤਰਾ ਤਸਲੀਮ ਕਰਦੇ ਹੋਏ ਸੁਰੱਖਿਆ ਏਜੰਸੀਆਂ ਦੀ ਚੌਕਸੀ ਦੀ ਗੱਲ ਆਖੀ ਹੈ।
ਯਾਦ ਰਹੇ ਕਿ ਇਸਲਾਮਕ ਸਟੇਟ ਇੰਨ ਇਰਾਕ ਐਂਡ ਸੀਰੀਆ ਦੀ ਸਰਗਰਮੀ ਕਸ਼ਮੀਰੀ ਨੌਜਵਾਨਾਂ ਨੂੰ ਆਕਰਸ਼ਤ ਕਰ ਸਕਦੀ ਹੈ। ਲੈਫਟੀਨੈਂਟ ਜਨਰਲ ਸੁਬ੍ਰਤ ਸਾਹਾ ਨੇ ਕਿਹਾ ਹੈ, “ਆਈ ਐਸ ਆਈ ਐਸ ਦਾ ਝੰਡਾ ਵਿਖਾਈ ਦੇਣਾ ਚਿੰਤਾ ਪੈਦਾ ਕਰਦਾ ਹੇ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਜਾਲ ਵਿੱਚ ਫਸਣ ਤੋਂ ਬਚਾਉਣ ਲਈ ਸਭ ਤੋਂ ਵੱਧ ਧਿਆਨ ਸੁਰੱਖਿਆ ਏਜੰਸੀਆਂ ਨੂੰ ਦੇਣਾ ਚਾਹੀਦਾ ਹੈ।
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਮੀਡੀਆ ਸਾਹਮਣੇ ਗੰਭੀਰ ਚਿੰਤਾ ਦੇ ਇਜ਼ਹਾਰ ਤੋਂ ਗੁਰੇਜ਼ ਹੀ ਕੀਤਾ ਹੈ। ਉਨ੍ਹਾਂ ਈਦ ਦੀ ਨਮਾਜ਼ ਵੇਲੇ ਲਹਿਰਾਏ ਗਏ ਝੰਡੇ ਬਾਬਤ ਕਿਹਾ ਹੈ, “ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਹਾਲੇ ਤੱਕ ਵਾਦੀ ਵਿੱਚ ਆਈ ਐਸ ਆਈ ਐਸ ਸੰਮੂਹ ਦੀ ਪਛਾਣ ਨਹੀਂ ਹੋਈ। ਇਹ ਝੰਡਾ ਕੁਝ ਬੇਬਕੂਫਾਂ ਨੇ ਲਹਿਰਾਇਆ ਸੀ, ਪਰ ਇਸਦਾ ਮਤਲਬ ਇਹ ਨਹੀਂ ਕਿ ਕਸ਼ਮੀਰ ਵਿੱਚ ਆਈ ਐਸ ਆਈ ਐਸ ਦੀ ਮੌਜੂਦਗੀ ਹੈ।”
ਭਾਰਤੀ ਸੈਨਾ ਦੇ ਮੁਖੀ ਨੇ ਆਪਣਾ ਬਿਆਨ ਦੇਣ ਵੇਲੇ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਬਾਬਤ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਹੈ, ਜਿਸਦੇ ਗੰਭੀਰ ਸਿਆਸੀ ਤੇ ਪ੍ਰਸ਼ਾਸਨਕ ਅਰਥ ਕੱਢੇ ਜਾ ਰਹੇ ਹਨ।
ਓਧਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਸਵੀਕਾਰ ਕੀਤਾ ਹੈ ਕਿ ਆਈ ਐਸ ਆਈ ਐਸ ਖਿਲਾਫ਼ ਲੰਮਾ ਸਮਾਂ ਸੰਘਰਸ਼ ਕਰਨਾ ਪੇ ਸਕਦਾ ਹੈ। ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਇਰਾਕ ਤੇ ਸੀਰੀਆ ਦੇ ਵੱਡੇ ਹਿੱਸੇ ’ਤੇ ਕਾਬਜ਼ ਆਈ ਐਸ ਆਈ ਐਸ ਪੇਸ਼ਾਵਰ ਸੈਨਿਕ ਚੁਣੌਤੀ ਪੇਸ਼ ਨਹੀਂ ਕਰਦਾ, ਪਰ ਦਹਿਸ਼ਤਗਰਦੀ ਦਾ ਤਾਣਾ-ਬਾਣਾ ਚਿੰਤਾ ਦਾ ਵਿਸ਼ਾ ਹੈ। ਇਸੇ ਦੌਰਾਨ ਕੌਮਾਂਤਰੀ ਸੈਨਿਕ ਅਧਿਕਾਰੀਆਂ, ਵਾਈਟ ਹਾਊਸ ਤੇ ਪੈਂਟਾਗਨ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਅਤੇ ਆਈ ਐਸ ਆਈ ਐਸ ਦੇ ਕਾਬਜ਼ ਹੁੰਦੇ ਜਾਣ ਦੇ ਚੈਲਿੰਜ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।