ਸ਼ਬਦੀਸ਼
ਨਿਊਯਾਰਕ – ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਦੀ ਵਾਸ਼ਿੰਗਟਨ ’ਚ ਹੋਣ ਵਾਲੀ ਮੁਲਾਕਾਤ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ, ਹਾਲਾਂਕਿ ਨਿਊਯਾਰਕ ਵਿੱਚ ਹੀ ਬਹੁਤ ਕੁਝ ਪਹਿਲਾਂ ਹੀ ਸਪੱਸ਼ਟ ਹੋ ਗਿਆ ਹੈ। ਅਮਰੀਕੀ ਮੀਡੀਆ ਦੀ ਕਵਰੇਜ ਨੇ ਵੀ ਕੁਝ ਸੰਕੇਤ ਦੇ ਦਿੱਤੇ ਹਨ।
ਸ਼ਬਦੀਸ਼ ਨਿਊਯਾਰਕ ਤੋਂ ਵਿਦਾ ਹੋਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਅਮਰੀਕਾ ਦੀਆਂ ਸਿਖਰਲੀਆਂ ਕੰਪਨੀਆਂ ਦੇ ਸੀਈਓਜ਼ ਨਾਲ ਬਰੇਕਫਾਸਟ ਮੀਟਿੰਗ ਕੀਤੀ ਤੇ ਫਿਰ ਛੇ ਵੱਡੀਆਂ ਫਰਮਾਂ ਦੇ ਮੁਖੀਆਂ ਨਾਲ ਇਕੱਲੇ-ਇਕੱਲੇ ਮੁਲਾਕਾਤ ਕੀਤੀ। ਕਾਰੋਬਾਰੀ ਆਗੂਆਂ ਨੇ ਭਾਰਤ ਸਰਕਾਰ ਦੀਆਂ ਆਰਥਿਕ ਤੇ ਕਾਰੋਬਾਰੀ ਨੀਤੀਆਂ ਦੀ ਨਿਰੰਤਰਤਾ ਤੇ ਇਕਸਾਰਤਾ ਨਾ ਹੋਣ, ਬੌਧਿਕ ਸੰਪਤੀ ਅਧਿਕਾਰਾਂ ਦੀ ਕਦਰ ਨਾ ਕੀਤੇ ਜਾਣ ਦੇ ਮੁੱਦੇ ਖਦਸ਼ੇ ’ਚ ਲਪੇਟੇ ਸੰਕੇਤਾਂ ਦਾ ਪ੍ਰਗਟਾਵਾ ਕਰ ਦਿੱਤਾ ਹੈ। ਨਰਿੰਦਰ ਮੋਦੀ ਨੇ ਵੀ ‘ਕਮ, ਮੇਕ ਇਨ ਇੰਡੀਆ’ ਮਿਸ਼ਨ ਦੇ ਹਵਾਲੇ ਭਰੋਸਾ ਦਿੱਤਾ ਕਿ ਕਾਰੋਬਾਰ ਦੇ ਰਾਹ ਵਿਚਲੇ ਸਾਰੇ ਅੜਿੱਕੇ ਉਹ ਖ਼ਤਮ ਕਰ ਦੇਣਗੇ। ਹੁਣ ਆਲਮੀ ਮੰਚ ਦੇ ਰਾੱਕਸਟਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਡੀ ਸੀ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਅਹਿਮ ਸਿਖਰ ਵਾਰਤਾ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਟਵਿੱਟਰ ’ਤੇ ਲਿਖਿਆ ਕਿ ਭਾਰਤ ਖੁੱਲ੍ਹੇ ਮਨ ਵਾਲਾ ਦੇਸ਼ ਹੈ। ਅਸੀਂ ਤਬਦੀਲੀ ਚਾਹੁੰਦੇ ਹਾਂ ਪਰ ਇਹ ਤਬਦੀਲੀ ਇਕ ਪਾਸੜ ਨਾ ਹੋਵੇ। ਮੋਦੀ ਨੇ ਕੰਪਨੀਆਂ ਦੇ ਮੁਖੀਆਂ ਨੂੰ ਦੱਸਿਆ ਕਿ ਭਾਰਤ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਨਿਵੇਸ਼ ਦਾ ਵੱਡਾ ਮੌਕਾ ਹੈ। ਇਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਅਤੇ ਸਾਡੇ ਨਾਗਰਿਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਮਹੱਤਵਪੂਰਨ ਗੱਲ ਹੈ ਇਹ ਕਿ ਸਾਰੀਆਂ ਕੰਪਨੀਆਂ ਦੀ ਪਹਿਲਾਂ ਹੀ ਭਾਰਤ ਵਿਚ ਚੰਗੀ ਮੌਜੂਦਗੀ ਹੈ ਅਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਮੁਖੀਆਂ ਨੇ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਭਾਰਤ ਵਿਚ ਆਪਣਾ ਕਾਰੋਬਾਰ ਵਧਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਵਾਈਟ ਹਾਊਸ ਵਿੱਚ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨਾਲ ਡਿੰਨਰ ਦੀ ਰਸਮ ਅਦਾਇਗੀ ਕਰਨਗੇ, ਕਿਉਂਕਿ ਮੋਦੀ ਨਵਰਾਤਰਿਆਂ ਦੇ ਵਰਤ ਰੱਖ ਰਹੇ ਹਨ। ਉਨ੍ਹਾਂ ਦੇ ਭੋਜਨ ਵਿੱਚ ਤਰਲ ਤੇ ਹਲਕਾ ਫੁਲਕਾ ਖਾਣਾ ਹੀ ਹੋਏਗਾ। ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀ ਇਕ-ਦੂਜੇ ਨਾਲ ਸਬੰਧਾਂ ਪੱਖੋਂ ਕਿਸ ਪੜਾਅ ’ਤੇ ਹਨ, ਇਕ ਅਧਿਕਾਰੀ ਮਸ਼ਕਰੀ ਵਜੋਂ ਆਖਦਾ ਹੈ, ”ਦੋਵੇਂ ਮੁਲਕਾਂ ਨੂੰ ਆਪਸੀ ਰਿਸ਼ਤਿਆਂ ਵਿਚਲੀ ਖਟਾਸ ਦੂਰ ਕਰਨ ਲਈ ਯੋਗਾ ਤੋਂ ਇਲਾਵਾ ਹੋਰ ਬਹੁਤ ਕੁਝ ਕਰਨ ਦੀ ਲੋੜ ਪਏਗੀ¨”
ਸਰਕਾਰ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਤੱਤਪਰ-ਮੋਦੀ
ਨਰਿੰਦਰ ਮੋਦੀ ਨੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਖੇਤੀਬਾੜੀ, ਨਿਰਮਾਣ ਅਤੇ ਸੇਵਾਵਾਂ ਵਰਗੇ ਮੁੱਖ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਕੇ ਆਰਥਿਕਤਾ ਨੂੰ ਉੱਪਰ ਲਿਜਾਣ ਦੀ ਪੱਕੀ ਧਾਰੀ ਹੋਈ ਹੈ। ਮੈਡੀਸਨ ਸੁਕੇਅਰ ਗਾਰਡਨ ਵਿਚ ਰਾਕ ਸਟਾਰ ਵਾਂਗ ਭਾਰਤੀ ਭਾਈਚਾਰੇ ਦੇ ਲਗਭਗ 20000 ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਪਿੱਛੋਂ ਉਨ੍ਹਾਂ ਪ੍ਰਮੁੱਖ ਵਿਅਕਤੀਆਂ ਨੂੰ ਸੰਬੋਧਨ ਕੀਤਾ ਅਤੇ ਜ਼ੋਰ ਦੇ ਕਿਹਾ ਕਿ ਸਾਡਾ ਸਾਰਾ ਧਿਆਨ ਆਰਥਿਕ ਵਿਕਾਸ ’ ਲੱਗਾ ਹੋਇਆ ਹੈ ਭਾਵੇਂ ਉਹ ਖੇਤੀਬਾੜੀ, ਨਿਰਮਾਣ ਜਾਂ ਸੇਵਾਵਾਂ ਖੇਤਰ ਹੋਵੇ। ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਸਿਹਤਮੰਦ ਆਰਥਿਕਤਾ ਲਈ ਇਕ ਤਿਹਾਈ ਖੇਤੀਬਾੜੀ, ਇਕ ਤਿਹਾਈ ਨਿਰਮਾਣ ਅਤੇ ਇਕ ਤਿਹਾਈ ਸੇਵਾਵਾਂ ਦਾ ਬਰਾਬਰ ਯੋਗਦਾਨ ਹੋਣਾ ਜ਼ਰੂਰੀ ਹੈ ਅਤੇ ਜੇਕਰ ਇਨ੍ਹਾਂ ਖੇਤਰਾਂ ’ਚੋਂ ਇਕ ਵਿਚ ਵੀ ਗਿਰਾਵਟ ਆ ਜਾਵੇ ਤਾਂ ਦੇਸ਼ ਦੀ ਆਰਥਿਕਤਾ ਨੂੰ ਸੱਟ ਵੱਜੇਗੀ। ਉਨ੍ਹਾਂ ਦੀ ਸਰਕਾਰ ਨਿਰਮਾਣ ਖੇਤਰ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਨਿਰਮਾਣ ਖੇਤਰ ਵਿਚ ਛੋਟੀਆਂ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ। ਸਾਡਾ ਯਤਨ ਹੈ ਕਿ ਭਾਰਤ ਇਨ੍ਹਾਂ ਤਿੰਨਾਂ ਖੇਤਰਾਂ ਵਿਚ ਪ੍ਰਗਤੀ ਤੇ ਵਿਕਾਸ ਕਰੇ। ਉਨ੍ਹਾਂ ਕਿਹਾ ਕਿ ਸੇਵਾਵਾਂ ਖੇਤਰ ਵਿਚ ਸੈਰਸਪਾਟੇ ਦਾ ਵੱਡਾ ਖੇਤਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਨੁਮਾਨ ਲਾਇਆ ਗਿਆ ਹੈ ਕਿ ਸੈਰਸਪਾਟਾ ਖੇਤਰ ਵਿਚ ਤਿੰਨ ਖਰਬ ਡਾਲਰ ਦਾ ਕਾਰੋਬਾਰ ਹੋ ਸਕਦਾ ਹੈ। ਭਾਰਤ ਨੇ ਇਸ ਸੰਭਾਵੀ ਵੱਡੇ ਖੇਤਰ ਦਾ ਲਾਭ ਨਹੀਂ ਲਿਆ। ਸਾਡਾ ਯਤਨ ਹੈ ਕਿ ਸੈਰਸਪਾਟਾ ਵਧੇ। ਉਨ੍ਹਾਂ ਤਾੜੀਆਂ ਦੀ ਗੜਗੜਾਹਟ ਵਿਚ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਅੱਤਵਾਦ ਵੰਡਦਾ ਹੈ ਅਤੇ ਸੈਰਸਪਾਟਾ ਇਕਜੁੱਟ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੈਰਸਪਾਟਾ ਵਧਦਾ ਫੁਲਦਾ ਹੈ ਤਾਂ ਆਟੋਰਿਕਸ਼ੇ ਵਾਲੇ ਤੋਂ ਲੈ ਕੇ ਟੈਕਸੀ ਵਾਲੇ ਅਤੇ ਚਾਹ ਵਾਲੇ ਤਕ ਹਰੇਕ ਨੂੰ ਆਮਦਨ ਹੁੰਦੀ ਹੈ।
ਕਲਿੰਟਨ ਜੋੜੀ ਨੂੰ ਨਾਨਾ-ਨਾਨੀ ਬਣਨ ’ਤੇ ਮੁਬਾਰਕਬਾਦ
ਨਿਊਯਾਰਕ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੈਰੀ ਕਲਿੰਟਨ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਹਿੰਦ-ਅਮਰੀਕਾ ਸਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਮੁਲਾਕਾਤ 45 ਮਿੰਟ ਚੱਲੀ ਅਤੇ ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਹਾਜ਼ਰ ਸਨ। ਸ੍ਰੀ ਮੋਦੀ ਤੇ ਸ੍ਰੀਮਤੀ ਸਵਰਾਜ ਨੇ ਕਲਿੰਟਨ ਜੋੜੇ ਨੂੰ ਉਨ੍ਹਾਂ ਦੀ ਦੋਹਤੀ ਸ਼ੈਰਲੌਟ ਦੇ ਜਨਮ ‘ਤੇ ਵਧਾਈ ਦਿੱਤੀ ਤੇ ਬੱਚੀ ਦੇ ਚਿਰੰਜੀਵੀ ਹੋਣ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿਊਯਾਰਕ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਉਨ੍ਹਾਂ ਦੀ ਪਤਨੀ ਹਿਲੇਰੀ ਕਲਿੰਟਨ ਨਾਲ ਮੁਲਾਕਾਤ ਕਾਫੀ ਦਿਲਸਸਪ ਸੀ। ਕੀਤੀ। ਹਿਲੇਰੀ ਕਲਿੰਟਨ ਨੇ ਗੰਗਾ ਦੀ ਸਫਾਈ ਬਾਰੇ ਪ੍ਰੋਜੈਕਟ ਬਾਰੇ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਦਾ ਸੰਦੇਸ਼ ਦੂਜੇ ਦੇਸ਼ਾਂ ਨੂੰ ਵੀ ਜਾਵੇਗਾ। ਮੋਦੀ ਨੇ ਉਨ੍ਹਾਂ ਨਾਲ ਕਰੀਬ 40 ਮਿੰਟ ਚੱਲੀ ਮੁਲਾਕਾਤ ਦੌਰਾਨ ਕਲਿੰਟਨ ਜੋੜੀ ਨੂੰ ਨਾਨਾ-ਨਾਨੀ ਬਣਨ ’ਤੇ ਵਧਾਈ ਦਿੱਤੀ। ਇਸ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਹਾਜ਼ਰ ਸਨ, ਹਿਲੇਰੀ ਅਤੇ ਸੁਸ਼ਮਾ ਇਕ ਦੂਸਰੇ ਨੂੰ ਗਰਮਜੋਸ਼ੀ ਨਾਲ ਗਲੇ ਮਿਲੀਆਂ।