ਐਨ ਐਨ ਬੀ
ਲੁਧਿਆਣਾ – ਸਾਬਕਾ ਵਿਦੇਸ਼ ਮੰਤਰੀ ਅਤੇ ਵਿਧਾਇਕ ਪ੍ਰਨੀਤ ਕੌਰ ਨੇ ਅੱਜ ਇੱਥੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਹਾਲ ਸਮੇਂ ਆਉਣ ’ਤੇ ਵਿਧਾਨ ਸਭਾ ਚੋਣਾਂ ਦੌਰਾਨ ਦੇਖਣਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮਾਜਿਕ ਤਾਣਾਬਾਣਾ ਬਹੁਤ ਮਜ਼ਬੂਤ ਹੈ, ਜਿਸਨੂੰ ਆਪਣੀ ਹੋਂਦ ਲਈ ਕਿਸੇ ਸਿਆਸੀ ਗਠਜੋੜ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਅਜਿਹਾ ਸੋਚਦਾ ਹੈ ਤਾਂ ਇਹ ਉਸਦੀ ਬਹੁਤ ਵੱਡੀ ਭੁੱਲ ਹੈ। ਵਿਧਾਇਕ ਪ੍ਰਨੀਤ ਕੌਰ ਇਥੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ 125ਵੇਂ ਜਨਮ ਦਿਵਸ ਮੌਕੇ ਨਹਿਰੂ ਸਿਧਾਂਤ ਕੇਂਦਰ ਵਿਖੇ ਅਯੋਜਿਤ ਇਕ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਪੁੱਜੀ ਸੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਕਿ ਅਕਾਲੀ ਭਾਜਪਾ ਗਠਜੋੜ ਪੰਜਾਬ ਦੇ ਸੰਪ੍ਰਦਾਇਕ ਭਾਈਚਾਰੇ ਦੇ ਹਿੱਤ ‘ਚ ਹੈ, ਬਾਰੇ ਪੁੱਛੇ ਗਏ ਸਵਾਲ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਸਾਡਾ ਮਜ਼ਬੂਤ ਸੰਪ੍ਰਦਾਇਕ ਭਾਈਚਾਰੇ ਦਾ ਵਿਰਸਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕ ਮਜ਼ਬੂਤ ਤੇ ਲੋਕਾਂ ‘ਚ ਅਧਾਰ ਰੱਖਣ ਵਾਲੀ ਪਾਰਟੀ ਹੈ, ਉਸਨੂੰ ਦੂਜੀਆਂ ਪਾਰਟੀਆਂ ਜਾਂ ਗਠਜੋੜਾਂ ‘ਚ ਹੋਣ ਵਾਲੀਆਂ ਘਟਨਾਵਾਂ ਦੀ ਚਿੰਤਾ ਨਹੀਂ ਹੈ।
ਇਸ ਤੋਂ ਪਹਿਲਾਂ ਸਮਾਰੋਹ ਦੌਰਾਨ ਸੰਬੋਧਨ ਕਰਦਿਆ ਪ੍ਰਨੀਤ ਨੇ ਆਜ਼ਾਦ ਭਾਰਤ ਦੀ ਨੀਂਹ ਰੱਖਣ ਵਾਲੇ ਪੰਡਤ ਨਹਿਰੂ ਨੂੰ ਯਾਦ ਕੀਤਾ। ਉਨ੍ਹਾਂ ਨੇ ਲੁਧਿਆਣਾ ਦੇ ਦੋ ਵੱਡੇ ਕਾਂਗਰਸੀ ਲੀਡਰਾਂ ਸਵਰਗੀ ਸਤਪਾਲ ਮਿੱਤਲ ਤੇ ਜੋਗਿੰਦਰ ਪਾਲ ਪਾਂਡੇ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪ੍ਰਨੀਤ ਕੌਰ ਦਾ ਅੱਜ ਲੁਧਿਆਣਾ ਪਹੁੰਚਣ ‘ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਸਮੇਤ ਸਾਬਕਾ ਮੰਤਰੀ ਮਨੀਸ਼ ਤਿਵਾੜੀ ਨਾਲ ਚੱਲਣ ਵਾਲੇ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ। ਖਾਸ ਗੱਲ ਇਹ ਵੀ ਹੈ ਕਿ ਕੁਝ ਦਿਨ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਵਨ ਦੀਵਾਨ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਕਾਂਗਰਸ ਦੀ ਮੌਜੂਦਾ ਟੀਮ ਵਿੱਚ ਕੋਈ ਵੀ ਮੈਂਬਰ ਇਸ ਸਮਾਗਮ ਵਿੱਚ ਨਹੀਂ ਪਹੁੰਚਿਆ। ਇਸ ਮੌਕੇ ਦੀਵਾਨ ਨੇ ਕਿਹਾ ਕਿ ਪਟਿਆਲਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਪ੍ਰਨੀਤ ਕੌਰ ਦੀ ਇਹ ਪਹਿਲੀ ਲੁਧਿਆਣਾ ਫੇਰੀ ਸੀ, ਜਿਨ੍ਹਾਂ ਦਾ ਇਥੇ ਪਹੁੰਚਣ ‘ਤੇ ਪਾਰਟੀ ਵਰਕਰਾਂ ਨੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਤੋਂ ਸੈਂਕੜਾਂ ਪਾਰਟੀ ਵਰਕਰਾਂ ਨੇ ਜ਼ਿਮਨੀ ਚੋਣਾਂ ਦੌਰਾਨ ਪ੍ਰਨੀਤ ਲਈ ਕੰਮ ਕੀਤਾ ਸੀ ਅਤੇ ਪ੍ਰਨੀਤ ਨੇ ਅੱਜ ਸਾਰਿਆਂ ਦਾ ਧੰਨਵਾਦ ਪ੍ਰਗਟ ਕੀਤਾ ਤੇ ਸ਼ਹਿਰ ਦਾ ਦੁਬਾਰਾ ਦੌਰਾ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਜਵੱਦੀ, ਬਲਜਿੰਦਰ ਬੰਟੀ, ਵਿਨੋਦ ਬੱਠਲਾ, ਰਾਕੇਸ਼ ਸ਼ਰਮਾ, ਅਕਸ਼ੈ ਭਨੋਟ, ਨਵਨੀਸ਼ ਮਲਹੋਤਰਾ, ਇੰਦਰਜੀਤ ਟੋਨੀ ਕਪੂਰ, ਸੰਨੀ ਕੈਂਥ, ਰੋਹਿਤ ਪਾਹਵਾ, ਬਲਵਿੰਦਰ ਸਿੰਘ ਬੇਦੀ, ਸੁਨੀਲ ਸ਼ੁਕਲਾ, ਹਰਭਗਤ ਸਿੰਘ ਗਰੇਵਾਲ, ਰਜਨੀਸ਼ ਚੋਪੜਾ ਆਦਿ ਮੌਜੂਦ ਰਹੇ।