ਐਨ ਐਨ ਬੀ
ਨਵੀਂ ਦਿੱਲੀ – ਜਨਤਾ ਪਾਰਟੀ ਵੱਲੋਂ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਆਪਣੇ ਚੋਣ ਪ੍ਰਚਾਰ ਦਾ ਤਾਣਾ-ਬਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਲੇ ਬੁਣਿਆ ਜਾ ਰਿਹਾ ਅਤੇ ਉਹ 4 ਅਕਤੂਬਰ ਤੋਂ ਦੋਵਾਂ ਰਾਜਾਂ ਦਾ ਤੂਫਾਨੀ ਦੌਰਾ ਸ਼ੁਰੂ ਕਰਨਗੇ। ਭਾਜਪਾ ਦੀ ਚੋਣ ਮੁਹਿੰਮ ਦਾ ਫੋਕਸ ਹੋਵੇਗਾ ‘ਚਲੋ ਚਲੋ ਮੋਦੀ ਕੇ ਸਾਥ’ ਪਰ ਇਸ ਵਿੱਚ ਪਾਰਟੀ ਦੇ ਕੇਂਦਰੀ ਨੇਤਾ ਅਤੇ ਪਾਰਟੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਕੀਤੇ ਜਾਣਗੇ। ਪਾਰਟੀ ਆਗੂਆਂ ਦਾ ਪ੍ਰੋਗਰਾਮ ਜਾਰੀ ਕਰਦਿਆਂ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਦੱਸਿਆ ਕਿ ਹਰਿਆਣਾ ਵਿੱਚ ਮੋਦੀ ਦੇ ਬਹੁਤੇ ਪ੍ਰੋਗਰਾਮ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਵੇਲੇ ਦੇ ਹੋਣਗੇ, ਜਦਕਿ ਸ਼ਾਮ ਦੇ ਪ੍ਰੋਗਰਾਮ ਮਹਾਰਾਸ਼ਟਰ ਲਈ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਮੋਦੀ 5 ਤੋਂ 13 ਅਕਤੂਬਰ ਤੱਕ ਲਗਾਤਾਰ ਚੋਣ ਪ੍ਰਚਾਰ ਕਰਨਗੇ। 4 ਅਕਤੂਬਰ ਨੂੰ ਕਰਨਾਲ ਅਤੇ ਕੋਲ੍ਹਾਪੁਰ (ਮਹਾਰਾਸ਼ਟਰ) ਵਿੱਚ ਰੈਲੀਆਂ ਕਰਨਗੇ। 5 ਤਾਰੀਕ ਨੂੰ ਸਿਰਸਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ।
ਪਾਰਟੀ ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਅਮਿਤ ਸ਼ਾਹ ਕਿਸੇ ਤਰ੍ਹਾਂ ਦਾ ਜ਼ੋਖ਼ਿਮ ਨਹੀਂ ਲੈਣਾ ਚਾਹੁੰਦੇ। ਸੀਨੀਅਰ ਆਗੂ ਐਲ.ਕੇ. ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਚੋਣ ਮੁਹਿੰਮ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸੀਨੀਅਰ ਆਗੂਆਂ ਨੂੰ ਅੱਜ-ਕੱਲ੍ਹ ਪਾਰਟੀ ਅੰਦਰ ਨੁੱਕਰੇ ਲਾ ਰੱਖਿਆ ਹੈ। ਭਾਜਪਾ ਵੱਲੋਂ 3 ਅਕਤੂਬਰ ਨੂੰ ਹਰਿਆਣਾ ਲਈ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਉਮੀਦ ਹੈ।
ਦੋਵਾਂ ਰਾਜਾਂ ਲਈ ਪਾਰਟੀ ਵੱਲੋਂ ਜਿਨ੍ਹਾਂ ਪ੍ਰਮੁੱਖ ਆਗੂਆਂ ਨੂੰ ਚੋਣ ਪ੍ਰਚਾਰ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਅਮਿਤ ਸ਼ਾਹ (ਦੋਵੇਂ ਰਾਜਾਂ ਲਈ ਪੰਜ ਦਿਨ), ਰਾਜਨਾਥ ਸਿੰਘ (ਹਰਿਆਣਾ ਲਈ ਚਾਰ ਦਿਨ ਤੇ ਮਹਾਰਾਸ਼ਟਰ ਲਈ ਪੰਜ ਦਿਨ) ਅਤੇ ਸੁਸ਼ਮਾ ਸਵਾਰਜ (ਹਰਿਆਣਾ ਲਈ ਪੰਜ ਦਿਨ ਤੇ ਮਹਾਰਾਸ਼ਟਰ ਲਈ ਤਿੰਨ ਦਿਨ) ਤੋਂ ਇਲਾਵਾ ਵੈਂਕਈਆ ਨਾਇਡੂ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸ਼ਾਮਲ ਹਨ।