ਐਨ ਐਨ ਬੀ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਰੇ ਮੰਤਰੀਆਂ ਅਤੇ ਮੁੱਖ ਪਾਰਲੀਮਾਨੀ ਸਕੱਤਰਾਂ ਨੂੰ ਮਿਲਿਆ ਟਰਾਂਸਪੋਰਟ ਵਿਭਾਗ ਦਾ ਅਮਲਾ ਬਦਲਿਆ ਜਾ ਰਿਹਾ ਹੈ ਤੇ ਵਜ੍ਹਾ ਮੰਨੀ ਜਾ ਰਹੀ ਹੈ ਕਿ ਅਹਿਮ ਹਸਤੀਆਂ ਦੇ ਕਾਫਲੇ ਦੀਆਂ ਸਰਕਾਰੀ ਗੱਡੀਆਂ ’ਚੋਂ ਪੈਟਰੋਲ ਅਤੇ ਡੀਜ਼ਲ ਦੀ ਚੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਸਟੇਟ ਟਰਾਂਸਪੋਰਟ ਵਿਭਾਗ ਨੇ ਅਮਲਾ ਬਦਲ ਦੇਣ ਨੂੰ ਚੋਰੀ ਖਿਲਾਫ਼ ‘ਕਾਰਗਰ ਕਦਮ’ ਚੁੱਕਣ ਲਈ ਕਮਰ ਕੱਸੇ ਕਰ ਲਏ ਹਨ। ਟਰਾਂਸਪੋਰਟ ਵਿਭਾਗ ਦੇ ਸਕੱਤਰ ਅਨੁਰਾਗ ਅਗਰਵਾਲ ਨੇ ਸਟੇਟ ਟਰਾਂਸਪੋਰਟ ਕਮਿਸ਼ਨ ਦੇ ਸਾਰੇ 177 ਅਮਲੇ ਨੂੰ ਬਦਲਣ ਦੀ ਕਾਰਵਾਈ ਪ੍ਰਸ਼ਾਸਕੀ ਫੈਸਲਾ ਵੀ ਦੱਸ ਰਹੇ ਹਨ ਅਤੇ ਉਨ੍ਹਾਂ ਇਹ ਪੁਸ਼ਟੀ ਵੀ ਕੀਤੀ ਹੈ ਕਿ ਘੁਟਾਲਾ ਸਾਹਮਣੇ ਆਉਣ ਬਾਅਦ ਹੀ ਅਮਲਾ ਬਦਲਿਆ ਜਾ ਰਿਹਾ ਹੈ।
ਟਰਾਂਸਪੋਰਟ ਵਿਭਾਗ ਦੇ ਅਮਲੇ ਦੇ ਕੁਝ ਮੈਂਬਰਾਂ ਵੱਲੋਂ ਓਡੋਮੀਟਰ (ਵਾਹਨ ਦੀ ਦੂਰੀ ਮਾਪਣ ਵਾਲਾ ਮੀਟਰ) ’ਚ ਹੇਰਾਫੇਰੀ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ ਨੇ ਦੇਖਿਆ ਕਿ ਉਨ੍ਹਾਂ ਦੇ ਕਾਫਲੇ ‘ਚ ਤਾਇਨਾਤ ਗੱਡੀ ਦੇ ਪੈਟਰੋਲ ਦਾ ਬਿੱਲ 53 ਲੱਖ 48 ਹਜ਼ਾਰ ਰੁਪਏ ਸਰਕਾਰੀ ਖਜ਼ਾਨੇ ’ਚੋਂ ਵਸੂਲਿਆ ਗਿਆ ਹੈ। 16 ਮਹੀਨਿਆਂ ਦੇ ਸਫ਼ਰ ਦਾ ਜ਼ਿਆਦਾ ਬਿੱਲ ਆਉਣ ਕਰਕੇ ਸ਼ਰਮਾ ਨੇ ਟਰਾਂਸਪੋਰਟ ਵਿਭਾਗ ਕੋਲ ਪਹੁੰਚ ਕਰਕੇ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ।
ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਤੇਲ ਦੇ ਵਾਧੂ ਖਰਚੇ ਦੀ ਜਾਂਚ ਕਰਾਉਣ ਦੀ ਮੰਗ ਬਾਰੇ ਪੁਸ਼ਟੀ ਕੀਤੀ ਹੈ। ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ ਜਾਂਚ ਦੌਰਾਨ ਪਾਇਆ ਕਿ ਸਰਕਾਰ ਗੱਡਿਆਂ ਦੇ ਤੇਲ ਲਈ ਹਰ ਮਹੀਨੇ ਕਰੋੜਾਂ ਰੁਪਏ ਦੇ ਬਿੱਲ ਦਾ ਭੁਗਤਾਨ ਕਰ ਰਹੀ ਹੈ, ਜਦਕਿ ਕਈ ਮਾਮਲਿਆਂ ’ਚ ਤੇਲ ਦੀ ਖਪਤ ਦੇ ਫਰਜ਼ੀ ਬਿੱਲ ਕੀਤੇ ਗਏ ਸਨ। ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਓਡੋਮੀਟਰਾਂ ਨਾਲ ਛੇੜਖਾਨੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਟਰਾਂਸਪੋਰਟ ਵਿਭਾਗ ਨੇ ਹੁਣ ਓਡੋਮੀਟਰਾਂ ‘ਚ ਸੀਲ ਲਾਉਣ ਦਾ ਕੰਮ ਵੀ ਆਰੰਭ ਦਿੱਤਾ ਹੈ ਤਾਂ ਜੋ ਸਫਰ ਦੀ ਦੂਰੀ ‘ਚ ਕੋਈ ਛੇੜਖਾਨੀ ਨਾ ਕੀਤੀ ਜਾ ਸਕੇ।