ਐਨ ਐਨ ਬੀ
ਫਤਹਿਗੜ੍ਹ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਸ਼ਾ ਮੁਕਤ ਪੰਜਾਬ ਲਈ ਕਾਰਜ ਕਰਨ ਦੀ ਦਾਅਵੇਦਾਰ ਹੈ, ਪਰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਕਮੇਟੀ ਦਾ ਇਕ ਪੱਕਾ ਮੁਲਾਜ਼ਮ ਸ਼ਰਾਬੀ ਹਾਲਤ ਵਿੱਚ ਲੋਕਾਂ ਵੱਲੋਂ ਫੜੇ ਜਾਣ ਦੀ ਸੂਚਨਾ ਮਿਲੀ ਹੈ। ਇਹ ਸੂਚਨਾ ਮਿਲਣ ’ਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਮੁਲਾਜ਼ਮ ਨੂੰ ਥਾਣੇ ਲੈ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਕੇ ਮੁਲਾਜ਼ਮ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਮੁਆਇਨਾ ਕਰਵਾਇਆ। ਡਾ. ਰਜਨੀਸ਼ ਕੁਮਾਰ ਨੇ ਮੁਲਾਜ਼ਮ ਦੇ ਨਸ਼ੇ ਵਿੱਚ ਹੋਣ ਦੀ ਪੁਸ਼ਟੀ ਕਰਦੀ ਰਿਪੋਰਟ ਸਹਾਇਕ ਥਾਣੇਦਾਰ ਨੂੰ ਸੌਂਪੀ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਅਧੀਨ ਪੱਕੇ ਤੌਰ ’ਤੇ ਬਤੌਰ ਕਲਰਕ ਤਾਇਨਾਤ ਮੁਲਾਜ਼ਮ ਬਲਕਾਰ ਸਿੰਘ ਕਟਾਣਾ ਸਾਹਿਬ (ਦੋਰਾਹਾ) ’ਚ ਸੇਵਾ ਨਿਭਾਅ ਰਿਹਾ ਸੀ, ਜਿਸਦੀ 20 ਅਕਤੂਬਰ ਤੋਂ ਇੱਥੇ ਆਰਜ਼ੀ ਤੌਰ ’ਤੇ ਡਿਊਟੀ ਲਗਾਈ ਗਈ ਸੀ। ਮੁਲਾਜ਼ਮ ਆਉਣ ਵਾਲੇ ਦਸ ਬਾਰਾਂ ਦਿਨਾਂ ਵਿੱਚ ਸੇਵਾਮੁਕਤ ਹੋਣ ਵਾਲਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਯੂਥ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਗੁਰਵਿੰਦਰ ਸਿੰਘ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਹੋਏ ਸਨ। ਉਨ੍ਹਾਂ ਉੱਥੇ ਸ਼੍ਰੋਮਣੀ ਕਮੇਟੀ ਦੇ ਕਲਰਕ ਬਲਕਾਰ ਸਿੰਘ ਨੂੰ ਸ਼ਰਾਬੀ ਹਾਲਤ ’ਚ ਗੁਰਦੁਆਰੇ ਅੰਦਰ ਘੁੰਮਦੇ ਦੇਖਿਆ। ਉਨ੍ਹਾਂ ਇਸ ਦੀ ਜਾਣਕਾਰੀ ਯੂਥ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੂਬਾ ਪ੍ਰਧਾਨ ਰਣਦੇਵ ਸਿੰਘ ਦੇਬੀ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦੁਬਾਲੀ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਦੋਵੇਂ ਆਗੂ ਸਮਰਥਕਾਂ ਸਮੇਤ ਗੁਰਦੁਆਰੇ ਪਹੁੰਚ ਗਏ ਅਤੇ ਮੁਲਾਜ਼ਮ ਨੂੰ ਨਸ਼ੇ ਦੀ ਹਾਲਤ ਵਿੱਚ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱੲਤਾ।
ਸੂਤਰਾਂ ਅਨੁਸਾਰ ਬਲਕਾਰ ਸਿੰਘ ਨੇ ਆਪਣੀ ਗਲਤੀ ਮੰਨੀ ਤੇ ਮਾਫ਼ੀਆਂ ਵੀ ਮੰਗੀਆਂ, ਪਰ ਸੰਗਤ ਮਾਫ਼ ਕਰਨ ਦੇ ਰੌਂਅ ’ਚ ਨਹੀਂ ਸੀ। ਦੇਬੀ ਤੇ ਜ਼ਿਲ੍ਹਾ ਪ੍ਰਧਾਨ ਦੁਬਾਲੀ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਸਾਰੇ ਮੁਲਾਜ਼ਮ ਹਨ, ਜੋ ਗੁਰਦੁਆਰਿਆਂ ਦੇ ਸੇਵਾਦਾਰ ਹੋਣ ਦੇ ਬਾਵਜੂਦ ਸ਼ਰਾਬ ਤੇ ਹੋਰ ਕਿਸਮ ਦੇ ਨਸ਼ੇ ਕਰਨ ਦੇ ਆਦੀ ਹਨ, ਜਿਨ੍ਹਾਂ ਨੂੰ ਕਈ ਵਾਰ ਫੜੇ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰਨ ’ਤੇ ਕਿਹਾ ਕਿ ਛੁੱਟੀ ਹੋਣ ਕਰ ਕੇ ਦਫਤਰ ਬੰਦ ਸਨ,ਇਸ ਲਈ ਉਨ੍ਹਾਂ ਕੋਲ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ। ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮੁਲਾਜ਼ਮ ਨੂੰ ਸਸਪੈਂਡ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਨੂੰ ਲਿਖਤੀ ਸਿਫ਼ਾਰਸ਼ ਕਰ ਦਿੱਤੀ ਗਈ ਹੈ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਮੁਲਾਜ਼ਮ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਬੱਸ ਮੱੁਖ ਦਫਤਰ ਤੋਂ ਰਸਮੀ ਮਨਜ਼ੂਰੀ ਆਉਣੀ ਬਾਕੀ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।