NewZNew (Amritsar) : ਕਸ਼ਮੀਰ ਵਾਦੀ ਵਿੱਚ ਆਏ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਮੁਹਿੰਮ ਤਹਿਤ ਅੱਜ ਸ਼੍ਰੋਮਣੀ ਕਮੇਟੀ ਨੇ ਸ੍ਰੀਨਗਰ ਤੋਂ 88 ਹੜ੍ਹ ਪੀੜਤਾਂ ਨੂੰ ਆਪਣੇ ਖਰਚੇ ’ਤੇ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਅੰਮ੍ਰਿਤਸਰ ਲਿਆਂਦਾ, ਜਿੱਥੋਂ ਉਨ੍ਹਾਂ ਨੂੰ ਘਰੋ-ਘਰੀ ਭੇਜਣ ਦਾ ਪ੍ਰਬੰਧ ਕੀਤਾ ਗਿਆ। ਸ੍ਰੀਨਗਰ ਤੋਂ ਵਾਪਸ ਪਰਤੇ ਲੋਕਾਂ ਵਿੱਚ ਸ਼ਾਮਲ ਪਰਮਿੰਦਰ ਸਿੰਘ ਨੇ ਕਿਹਾ ਕਿ ਆਪਣੇ ਘਰ ਸੁਰੱਖਿਅਤ ਵਾਪਸ ਪਰਤ ਕੇ ਤਸੱਲੀ ਹੋਈ ਹੈ। ਉਸ ਦੇ ਨਾਲ ਪਰਿਵਾਰ ਦੇ ਹੋਰ ਜੀਅ ਵੀ ਵਾਪਸ ਪਰਤੇ ਹਨ। ਉਸ ਨੇ ਦੱਸਿਆ ਕਿ ਸ੍ਰੀਨਗਰ ਵਿੱਚ ਹੜ੍ਹ ਦਾ ਪਾਣੀ ਆਉਣ ਕਾਰਨ ਸੰਚਾਰ ਸਾਧਨ ਠੱਪ ਹੋ ਗਏ ਹਨ, ਜਿਸ ਕਾਰਨ ਉਥੇ ਫਸੇ ਲੋਕਾਂ ਦਾ ਬਾਕੀ ਦੁਨੀਆਂ ਤੋਂ ਸੰਪਰਕ ਟੁੱਟ ਗਿਆ ਹੈ। ਵਾਦੀ ਵਿੱਚ ਹਰ ਥਾਂ ਪਾਣੀ ਹੀ ਪਾਣੀ ਹੈ। ਉਸ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਅਚਨਚੇਤੀ ਆਏ ਪਾਣੀ ਕਾਰਨ ਉਨ੍ਹਾਂ ਨੂੰ ਆਪਣਾ ਬਚਾਅ ਕਰਨ ਲਈ ਹਸਪਤਾਲ ਦੀ ਉੱਚੀ ਇਮਾਰਤ ’ਤੇ ਜਾਣਾ ਪਿਆ। ਪਾਣੀ ਕਾਰਨ ਕਈ ਘਰ ਵੀ ਢਹਿ ਗਏ ਹਨ। ਇਨ੍ਹਾਂ ਵਿਅਕਤੀਆਂ ਨਾਲ ਆਏ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਾਏ ਗਏ ਰਾਹਤ ਕੈਂਪ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਅੰਮ੍ਰਿਤਸਰ ਤੇ ਹੋਰ ਸ਼ਹਿਰਾਂ ਵਿੱਚ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ 88 ਵਿਅਕਤੀਆਂ ਨੂੰ ਸ੍ਰੀਨਗਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਨੂੰ ਰਾਸ਼ਨ, ਪਹਿਨਣ ਲਈ ਕੱਪੜੇ, ਬੱਚਿਆਂ ਲਈ ਦੁੱਧ ਅਤੇ ਬੋਤਲਾਂ, ਕੰਬਲ, ਚੱਪਲਾਂ ਤੇ ਹੋਰ ਸਾਮਾਨ ਵੰਡਿਆ ਜਾ ਰਿਹਾ ਹੈ।
424 ਵਿਅਕਤੀ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੇ :
ਭਾਰਤੀ ਫੌਜ ਵੱਲੋਂ ਹਵਾਈ ਜਹਾਜ਼ਾਂ ਰਾਹੀਂ ਅੱਜ ਸ੍ਰੀਨਗਰ ਤੋਂ 424 ਵਿਅਕਤੀਆਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਡਿਪਟੀ ਕਮਿਸ਼ਨਰ ਰਵੀ ਭਗਤ ਨੇ ਦੱਸਿਆ ਕਿ ਦੇਰ ਰਾਤ 8 ਵਜੇ ਤਕ 424 ਵਿਅਕਤੀ ਇਥੇ ਸੁਰੱਖਿਅਤ ਪੁੱਜ ਗਏ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫਤ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਭੋਜਨ ਅਤੇ ਐਸਟੀਡੀ ਦੀ ਸਹੂਲਤ ਵੀ ਮੁਹੱਈਆ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਸਕੇ ਸਬੰਧੀਆਂ ਨੂੰ ਆਪਣੀ ਆਮਦ ਬਾਰੇ ਦੱਸ ਸਕਣ। ਇਨ੍ਹਾਂ ਵਿਅਕਤੀਆਂ ਨੂੰ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤਕ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ 1900 ਵਿਅਕਤੀ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਰਾਹੀਂ ਲਿਆਂਦੇ ਗਏ ਸਨ ਅਤੇ ਅੱਜ 424 ਵਿਅਕਤੀ ਲਿਆਂਦੇ ਗਏ ਹਨ। ਇੰਜ ਹੁਣ ਤਕ 2324 ਵਿਅਕਤੀਆਂ ਨੂੰ ਇਥੇ ਸੁਰੱਖਿਅਤ ਲਿਆਂਦਾ ਜਾ ਚੁੱਕਾ ਹੈ।