ਐਨ ਐਨ ਬੀ
ਆਨੰਦਪੁਰ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਦੇ 350 ਵਰ੍ਹੇ ਪੂਰੇ ਹੋਣ ’ਤੇ ਮਨਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਇਸੇ ਤਹਿਤ ਵੱਖ-ਵੱਖ ਇਤਿਹਾਸਕ ਸਥਾਨਾਂ ਦੀ ਕਾਰਸੇਵਾ ਦਾ ਕੰਮ ਚੱਲ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਵੱਲੋਂ ਵਸਾਈ ਇਸ ਨਗਰੀ ਦੀ ਜਿੱਥੇ ਨੀਂਹ ਰੱਖੀ ਗਈ ਸੀ, ਉਸ ਸਥਾਨ ਦੀ ਕਾਰਸੇਵਾ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਹ ਇਤਿਹਾਸਕ ਸਥਾਨ ਗੁਰਦੁਆਰਾ ਭੋਰਾ ਸਾਹਿਬ ਹੈ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਭੋਰਾ ਸਾਹਿਬ ਨਾਲ ਲੱਗਦੀ 25 ਮਰਲੇ ਜ਼ਮੀਨ ਨੂੰ ਡੇਢ ਕਰੋੜ ਰੁਪਏ ਵਿੱਚ ਖਰੀਦ ਲਿਆ ਹੈ।
ਗੁਰਦੁਆਰਾ ਭੋਰਾ ਸਾਹਿਬ ਦੇ ਇਤਿਹਾਸ ਬਾਰੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਵਧੀਕ ਸਕੱਤਰ ਜਗੀਰ ਸਿੰਘ ਅਤੇ ਮੈਨੇਜਰ ਜਗੀਰ ਸਿੰਘ ਨੇ ਦੱਸਿਆ ਕਿ ਇਸ ਸਥਾਨ ’ਤੇ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਿਤ ਫ਼ਰਿਆਦ ਲੈ ਕੇ ਆਏ ਸਨ ਅਤੇ ਗੁਰੂ ਜੀ ਨੇ ਮਨੁੱਖਤਾ ਦੇ ਭਲੇ ਲਈ ਕਿਸੇ ਦੂਸਰੇ ਧਰਮ ਵਾਸਤੇ ਕੁਰਬਾਨੀ ਦੇਣ ਦਾ ਫ਼ੈਸਲਾ ਲਿਆ ਸੀ। ਇਸੇ ਅਸਥਾਨ ’ਤੇ ਆਨੰਦਪੁਰ ਸਾਹਿਬ ਦੀ ਨੀਂਹ 16 ਜੂਨ 1665 ਨੂੰ ਰੱਖੀ ਗਈ ਸੀ। ਮੁੱਢਲੇ ਤੌਰ ’ਤੇ ਇਸ ਨਗਰ ਦਾ ਨਾਮ ਚੱਕ ਮਾਤਾ ਨਾਨਕੀ ਸੀ, ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਬਖ਼ਸ਼ੀ ਗਈ ਸੀ ਤੇ ਇੱਥੇ ਹੀ ਗੁਰੂ ਜੀ ਦੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਹੋਇਆ ਸੀ। ਇਸੇ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਆਪਣੀ ਬਰਾਤ ਲੈ ਕੇ ਕਸਬਾ ਗੁਰੂ ਕਾ ਲਾਹੌਰ ਵਿਖੇ ਗਏ ਸਨ।
ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਜਾ ਰਹੀ ਕਾਰਸੇਵਾ ਬਾਰੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਵਧੀਕ ਸਕੱਤਰ ਜਗੀਰ ਸਿੰਘ ਨੇ ਦੱਸਿਆ ਕਿ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਾਰਸੇਵਾ ਤਹਿਤ ਗੁਰਦੁਆਰਾ ਭੋਰਾ ਸਾਹਿਬ ਦਾ ਮੁੱਖ ਗੇਟ ਪੁਰਾਤਨ ਦਿੱਖ ਅਨੁਸਾਰ ਬਣਾਇਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੇ ਮਹਿਲ ਨੂੰ ਵੀ ਪੁਰਾਤਨ ਦਿੱਖ ਅਨੁਸਾਰ ਵੱਡਾ ਕੀਤਾ ਜਾ ਰਿਹਾ ਹੈ। ਸਮੁੱਚੀ ਕਾਰਸੇਵਾ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਅਤੇ ਬਾਬਾ ਖੁਸ਼ਹਾਲ ਸਿੰਘ ਵਾਲਿਆਂ ਵੱਲੋਂ ਨਿਭਾਈ ਜਾ ਰਹੀ ਹੈ ਸਮੁੱਚਾ ਡਿਜ਼ਾਇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਵਲ ਸਿੰਘ ਅਤੇ ਸੁਰਜੀਤ ਸਿੰਘ ਵੱਲੋਂ ਸਿੱਖ ਆਰਕੀਟੈਕਚਰ ਅਨੁਸਾਰ ਤਿਆਰ ਕੀਤਾ ਗਿਆ ਹੈ। ਗੁਰਦੁਆਰਾ ਭੋਰਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਲਈ ਆਏ ਕਸ਼ਮੀਰੀ ਪੰਡਿਤਾਂ ਦੀ ਵਿਸ਼ੇਸ਼ ਯਾਦਗਾਰ ਨੂੰ ਵੀ ਪੁਰਾਤਨ ਡਿਜ਼ਾਇਨ ਅਨੁਸਾਰ ਵਿਕਸਿਤ ਕੀਤਾ ਜਾਵੇਗਾ। ਇਸ ਅਸਥਾਨ ’ਤੇ ਲੰਬਾ ਸਮਾਂ ਬਿਤਾਉਣ ਵਾਲੀਆਂ ਮਾਤਾ ਨਾਨਕੀ, ਮਾਤਾ ਗੁਜਰੀ ਅਤੇ ਮਾਤਾ ਸੁੰਦਰੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਰਸੋਈ ਵੀ ਬਣਾਈ ਜਾ ਰਹੀ ਹੈ। ਤਿੰਨਾਂ ਸਾਹਿਬਜ਼ਾਦਿਆਂ ਦੇ ਜਨਮ ਸਥਾਨ ਨੂੰ ਦਰਸਾਉਂਦੀ ਯਾਦਗਾਰ ਬਣਾਈ ਜਾਵੇਗੀ। ਪੁਰਾਤਨ ਮਸੰਦਾ ਵਾਲੇ ਖੂਹ ਦੀ ਖ਼ਸਤਾ ਹਾਲਤ ਨੂੰ ਸੁਧਾਰ ਕੇ ਪੁਰਾਤਨ ਦਿੱਖ ਵਿੱਚ ਲਿਆਂਦਾ ਜਾਵੇਗਾ। ਗੁਰਦੁਆਰੇ ਦੇ ਬਾਹਰ ਪੁਰਾਤਨ ਦਿੱਖ ਵਾਲੀ ਚਾਰਦੀਵਾਰੀ ਵੀ ਬਣਾਈ ਜਾ ਰਹੀ ਹੈ। ਉਸਾਰੀ ਦੇ ਕੰਮ ਦੌਰਾਨ ਸਾਗਵਾਨ ਦੀ ਲੱਕੜੀ, ਨਾਨਕਸ਼ਾਹੀ ਇੱਟ ਅਤੇ ਛੋਟੀਆਂ ਟਾਈਲਾਂ ਦੀ ਵਰਤੋਂ ਕੀਤੀ ਜਾਵੇਗੀ। ਗੁਰਦੁਆਰੇ ਦੇ ਗੁੰਬਦਾਂ ’ਤੇ ਸੋਨੇ ਦੇ ਖੰਡੇ ਲਾਉਣ ਦਾ ਕੰਮ ਵੀ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਭੋਰਾ ਸਾਹਿਬ ਦੇ ਨਾਲ ਲੱਗਦੀ ਖ਼ਸਤਾ ਹਾਲ ਪੁਰਾਣੀ ਹਵੇਲੀ ਦੀ 25 ਮਰਲੇ ਥਾਂ ਕਰੀਬ ਡੇਢ ਕਰੋੜ ਵਿੱਚ ਖਰੀਦੀ ਹੈ। ਇਸ ਸਬੰਧੀ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਗੁਰਦੁਆਰੇ ਦਾ ਆਲਾ ਦੁਆਲਾ ਖੁੱਲ੍ਹਾ ਕਰਕੇ ਵਧੀਆ ਬਾਗ਼ ਵੀ ਤਿਆਰ ਕਰਨ ਲਈ ਜ਼ਮੀਨ ਖਰੀਦੀ ਜਾ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਾਲ ਲੱਗਦੀਆਂ ਹੋਰ ਇਮਾਰਤਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।