ਸ਼ਬਦੀਸ਼
ਚੰਡੀਗੜ੍ਹ – ਵਿਦੇਸ਼ਾਂ ਵਿੱਚ ਸਿੱਖ ਵਿਰਾਸਤ ਨਾਲ ਸਬੰਧਤ ਦੁਰਲਭ ਨਿਸ਼ਾਨੀਆਂ ਅਤੇ ਦਸਤਾਵੇਜ਼ਾਂ ਦੀ ਬੋਲੀ ਲਗਦੀ ਆ ਰਹੀ ਹੈ। ਇਸਨੂੰ ਰੋਕਣ ਦਾ ਕੋਈ ਹੀਲਾ ਨਾ ਹੋਣ ਦੀ ਸੂਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਬੋਲੀ ਦੇਣ ਜਾ ਰਹੀ ਹੈ, ਤਾਂਕਿ ਉਹ ਸਿੱਖੀ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਇਤਿਹਾਸਕ ਤੱਥਾਂ ਅਤੇ ਵਿਰਾਸਤ ਨਾਲ ਜੁੜੇ ਸਾਜ਼ੋ-ਸਾਮਾਨ ਨੂੰ ਨਵੀਂ ਪੀੜ੍ਹੀ ਲਈ ਸਾਂਭ ਕੇ ਰੱਖਣ ਦਾ ਕਾਰਜ ਕਰ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਕਿਸੇ ਵੀ ਕੌਮ ਦੀ ਵਿਰਾਸਤ ਇਕ ਅਨਮੋਲ ਖ਼ਜ਼ਾਨਾ ਹੁੰਦੀ ਹੈ, ਜੋ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ, ਕੌਮ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਸਹਾਈ ਹੁੰਦੀ ਹੈ। ਇਸ ਕਾਰਨ ਸਿੱਖ ਕੌਮ ਦੇ ਇਤਿਹਾਸ ਅਤੇ ਪੰਜਾਬ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਤੇ ਵਸਤੂਆਂ ਨੂੰ ਸਾਂਭ ਕੇ ਰੱਖਣਾ ਕੌਮ ਦੀ ਵੱਡੀ ਜ਼ਿੰਮੇਵਾਰੀ ਹੈ। ਵਿਦੇਸ਼ਾਂ ਵਿੱਚ ਸਿੱਖ ਕੌਮ ਅਤੇ ਪੰਜਾਬ ਨਾਲ ਸਬੰਧਤ ਅਨਮੋਲ ਵਿਰਾਸਤੀ ਤੱਥਾਂ ਅਤੇ ਦਸਤਾਵੇਜ਼ਾਂ ਦੀ ਬੋਲੀ ਲੱਗਣ ਕਾਰਨ ਸਿੱਖ ਕੌਮ ਦਾ ਵਿਰਸਾ ਨਿਰੰਤਰ ਖਿੰਡ-ਪੁੰਡ ਰਿਹਾ ਹੈ।
ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਦਰਬਾਰ ਨਾਲ ਸਬੰਧਤ ਕੁਝ ਇਤਿਹਾਸਕ ਪੁਸਤਕਾਂ ਦੀ ਚਿਜ਼ਵਿਕ ਆਕਸ਼ਨਜ਼ ਆਫ ਵੈਸਟ ਲੰਡਨ ਵਿਖੇ ਬੋਲੀ ਲਾਈ ਜਾ ਰਹੀ ਹੈ। ਇਸ ਵਿੱਚ 19ਵੀਂ ਸਦੀ ਦੀਆਂ ਕੁਝ ਕਿਤਾਬਾਂ ਅਤੇ ਤਸਵੀਰਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਕਿਤਾਬਾਂ ਪੰਜਾਬ, ਸਿੰਧ, ਉਤਰ ਪੱਛਮੀ ਸਰਹੱਦੀ ਸੂਬੇ ਅਤੇ ਇਨ੍ਹਾਂ ਖੇਤਰਾਂ ਵਿਚਲੇ ਸਿੱਖਾਂ ਅਤੇ ਮੁਸਲਮਾਨਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਸਿੱਖ ਯੁੱਧਾਂ ਨਾਲ ਸਬੰਧਤ ਨਕਸ਼ੇ ਆਦਿ ਵੀ ਸ਼ਾਮਲ ਹਨ।