ਸਕਾਟਲੈਂਡ ਨੂੰ ਯੂਨੀਅਨ ਜੈਕ ਦੀ ‘ਗੁਲਾਮੀ’ ਪ੍ਰਵਾਨ

0
830

pic

ਸਕਾਟਲੈਂਡ ਦੇ ਲੋਕਾਂ ਨੇ ਇਤਿਹਾਸਕ ਰਾਇਸ਼ੁਮਾਰੀ ਰਾਹੀਂ ਆਜ਼ਾਦੀ ਨੂੰ ਨਕਾਰਦਿਆਂ ਕੌਮਾਂਤਰੀ ਪੱਧਰ ’ਤੇ ਹੈਰਾਨੀਜਨਕ ਸੰਕੇਤ ਦਿੱਤੇ ਹਨ। ਦੇਸ਼ ਦੇ 55.3 ਫ਼ੀਸਦੀ ਲੋਕਾਂ ਦੀ ਵੋਟ ਬਰਤਾਨੀਆ ਨਾਲ ਰਹਿਣ ਦੇ ਪੱਖ ਵਿੱਚ ਗਈ ਹੈ, ਜਦਿਕ 44.7 ਫ਼ੀਸਦੀ ਲੋਕਾਂ ਨੇ ਆਜਾਦੀ ਨੂੰ ਹੁੰਗਾਰਾ ਭਰਿਆ ਹੈ। ਇਹ ਸਕਾਟਲੈਂਡ ਦੀ ਆਜ਼ਾਦੀ ਦੇ ਹਮਾਇਤੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਕਿ ਰਾਇਸ਼ੁਮਾਰੀ ਦੇ ਫ਼ਤਵਾ ਫਤਵੇ ਤਹਿਤ ਇੰਗਲੈਂਡ ਅਤੇ ਵੇਲਜ਼ ਨਾਲ ਸਕਾਟਲੈਂਡ ਦਾ 307 ਸਾਲ ਪੁਰਾਣਾ ਨਾਤਾ ਬਣਿਆ ਰਹੇਗਾ। ਯਾਦ ਰਹੇ ਕਿ ਰਾਇਸ਼ੁਮਾਰੀ ਤੋਂ ਪਹਿਲਾਂ ‘ਫ਼ਸਵਾਂ ਮੁਕਾਬਲਾ ਦੱਸਿਆ ਜਾ ਰਿਹਾ ਸੀ ਅਤੇ ਦੋਹਾਂ ਧਿਰਾਂ ‘ਚ ਪ੍ਰਚਾਰ ਮੁਹਿੰਮ ਦੌਰਾਨ ਤਣਾਤਣੀ ਦਾ ਮਾਹੌਲ ਬਣ ਗਿਆ ਸੀ। ਹੁਣ ਪਰ 84.6 ਫ਼ੀਸਦੀ ਲੋਕਾਂ ਨੇ ਆਪਣੀ ਰਾਏ ਦੇ ਕੇ ਇਤਿਹਾਸ ਬਣਾ ਦਿੱਤਾ। ਇਸ ਦੌਰਾਨ ਸਪੇਨ ਦੇ ਕਾਤਲਾਨ ਅਤੇ ਬਾਸਕਸ ਖਿੱਤਿਆਂ ‘ਚ ਨਿਰਾਸ਼ਾ ਦਾ ਮਾਹੌਲ ਬਣ ਗਿਆ। ਉਥੋਂ ਦੇ ਲੋਕ ਸਪੇਨ ਤੋਂ ਆਜ਼ਾਦੀ ਦੀ ਮੰਗ ਲਈ ਅੰਦੋਲਨ ਕਰ ਰਹੇ ਹਨ। ਓਧਰ ਇਸ ਨਤੀਜੇ ਤੋਂ ਬਾਅਦ ਬਰਤਾਨੀਆ ਦੇ ਸ਼ੇਅਰ ਬਾਜ਼ਾਰ ਚੜ੍ਹ ਗਏ ਹਨ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਰਾਇਸ਼ੁਮਾਰੀ ਦੇ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਸਕਾਟਲੈਂਡ ਨੂੰ ਵੱਧ ਤਾਕਤਾਂ ਦੇਣ ਦਾ ਆਪਣਾ ਵਾਅਦਾ ਦੁਹਰਾਇਆ। ਸਕਾਟਲੈਂਡ ਦੇ ਪਹਿਲੇ ਮੰਤਰੀ ਅਲੈਕਸ ਸਾਲਮੰਡ ਨੇ ਏਕਤਾ ਦਾ ਸੱਦਾ ਦਿੰਦਿਆ ਉਨ੍ਹਾਂ ਨੂੰ ਵੱਧ ਤਾਕਤਾਂ ਦੇਣ ਦੀ ਬੇਨਤੀ ਕੀਤੀ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਆਗੂ ਨੇ ਕਿਹਾ ਕਿ ਉਹ ਰਾਇਸ਼ੁਮਾਰੀ ਦੇ ਫ਼ੈਸਲੇ ਨੂੰ ਕਬੂਲ ਕਰਦੇ ਹਨ।

ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਗਲਾਸਗੋ ਦੇ ਲੋਕਾਂ ਨੇ ਆਜ਼ਾਦੀ ਦੇ ਪੱਖ ‘ਚ ਵੋਟ ਭੁਗਤਾਏ। ਰਾਇਸ਼ੁਮਾਰੀ ‘ਚ ਇਸ ਖੇਤਰ ‘ਚੋਂ ਇਕ ਲੱਖ 94 ਹਜ਼ਾਰ 779 ਲੋਕਾਂ ਨੇ ਬਰਤਾਨੀਆ ਤੋਂ ਵੱਖ ਹੋਣ ਦਾ ਹੁੰਗਾਰਾ ਭਰਿਆ ਜਦਕਿ ਇਕ ਲੱਖ 69 ਹਜ਼ਾਰ 347 ਲੋਕਾਂ ਨੇ ਆਜ਼ਾਦੀ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ। ਇਸੇ ਤਰ੍ਹਾਂ ਡੁੰਡੀ, ਵੈਸਟ ਡਨਬਰਟਨਸ਼ਾਇਰ ਅਤੇ ਨਾਰਥ ਲਾਨਰਕਸ਼ਾਇਰ ਦੇ ਲੋਕਾਂ ਨੇ ਆਜ਼ਾਦੀ ਦੇ ਪੱਖ ‘ਚ ਰਾਇ ਦਿੱਤੀ। ਉਂਜ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ‘ਚ ਇਕ ਲੱਖ 94 ਹਜ਼ਾਰ 638 ਲੋਕਾਂ ਨੇ ਆਜ਼ਾਦੀ ਦੇ ਵਿਰੋਧ ‘ਚ ਰਾਇ ਪ੍ਰਗਟਾਈ ਜਦਕਿ ਇਕ ਲੱਖ 23 ਹਜ਼ਾਰ 927 ਲੋਕਾਂ ਨੇ ਆਜ਼ਾਦੀ ਦੇ ਪੱਖ ‘ਚ ਵੋਟ ਪਾਈ।