ਸਿਆਚਿਨ ਜਾ ਕੇ ਸੈਨਿਕਾਂ ਦਾ ਮਨੋਬਲ ਵਧਾਉਣ ਵਾਲੇ ਰੱਖਿਆ ਮੰਤਰੀ ਸਨ ਪਵਾਰ
ਐਨ ਐਨ ਬੀ
ਸਤਨਾ (ਮਹਾਰਾਸ਼ਟਰ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਈ ਚੋਭ ‘ਤੇ ਐਨ ਸੀ ਪੀ ਮੁਖੀ ਸ਼ਰਦ ਪਵਾਰ ਨੇ ਉਨ੍ਹਾਂ ‘ਤੇ ਪਰਤਵਾਂ ਵਾਰ ਕਰਦਿਆਂ ਕਿਹਾ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਉੱਚੇ ਸੈਨਿਕ ਟਿਕਾਣੇ ਸਿਆਚਿਨ ਜਾ ਕੇ ਸੈਨਿਕਾਂ ਦਾ ਮਨੋਬਲ ਉੱਚਾ ਕਰਨ ਵਾਲੇ ਉਹ ਪਹਿਲੇ ਰੱਖਿਆ ਮੰਤਰੀ ਸਨ। ਨਰਿੰਦਰ ਮੋਦੀ ਨੇ ਪਵਾਰ ਨੂੰ ਮਿਹਣਾ ਮਾਰਿਆ ਸੀ ਕਿ ਪਾਕਿਸਤਾਨ ਜਾਂ ਚੀਨ ਨਾਲ ਤਣਾਅ ਮੌਕੇ ਕੀ ਉਹ ਕਦੇ ਸਰਹੱਦ ‘ਤੇ ਗਏ ਸਨ ? ਐਨ ਸੀ ਪੀ ਆਗੂ ਨੇ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਮੋਦੀ ਸਵਾਲ ਕਰਨ ਦੀ ਥਾਂ ਰੱਖਿਆ ਮੰਤਰਾਲੇ ਕੋਲੋਂ ਮੰਗ ਤੇ ਦੇਖ ਸਕਦੇ ਹਨ।
ਪ੍ਰਧਾਨ ਮੰਤਰੀ ਵੱਲੋਂ ਲਾਏ ਦੋਸ਼ਾ ਦਾ ਮੂੰਹ ਤੋੜਵਾਂ ਜੁਆਬ ਦਿੰਦਿਆਂ ਸ੍ਰੀ ਪਵਾਰ ਨੇ ਕਿਹਾ ਕਿ ਸਿਆਚਿਨ ਸਭ ਤੋਂ ਔਖਾ ਖਿੱਤਾ ਹੈ, ਜਿੱਥੇ ਆਕਸੀਜਨ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੇ ਰੱਖਿਆ ਮੰਤਰੀ ਸਨ, ਜੋ ਸੈਨਿਕਾਂ ਦਾ ਮਨੋਬਲ ਉੱਚਾ ਕਰਨ ਲਈ ਸਿਆਚਿਨ ਗਏ ਸਨ। ਸ਼ਰਦ ਪਵਾਰ ਨੇ ਮੋਦੀ ਨੂੰ ਸਿੱਧੇ ਤੇ ਤਿੱਖੇ ਸਵਾਲ ਦਾਗੇ, “ਤੁਸੀਂ ਸਿਆਚਿਨ ਤਾਂ ਨਹੀਂ ਗਏ, ਘੱਟੋ-ਘੱਟ ਇੰਨਾ ਕੁ ਤਾਂ ਕਰ ਦਿਓ ਤੇ ਦੇਸ਼ ਨੂੰ ਕੁਲਵਕਤੀ ਰੱਖਿਆ ਮੰਤਰੀ ਦੇ ਦਿਓ? ਕੀ ਕੁਲਵਕਤੀ ਰੱਖਿਆ ਮੰਤਰੀ ਨਾ ਹੋਣਾ ਦੇਸ਼ ਦੇ ਹਿੱਤ ‘ਚ ਹੈ?’ ਉਹ ਨਸਿਕ ਜ਼ਿਲ੍ਹੇ ‘ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ਼ਰਦ ਪਵਾਰ ਨੇ ਕਿਹਾ ਕਿ ਦੇਸ਼ ਦੀ ਹਕੂਮਤੀ ਲੀਡਰਸ਼ਿਪ ਲਈ ਲੋਕਾਂ ਦੀਆਂ ਜਾਨਾਂ ਦੀ ਰਾਖੀ ਅਹਿਮ ਨਹੀਂ ਹੈ। ਉਨ੍ਹਾਂ ਲਈ ਚੋਣਾਂ ਵੱਧ ਮਹੱਤਵਪੂਰਨ ਹਨ। ਪਾਕਿਸਤਾਨ ਰੋਜ਼-ਰੋਜ਼ ਹਮਲੇ ਕਰਕੇ ਲੋਕਾਂ ਨੂੰ ਮਾਰ ਰਿਹਾ ਹੈ ਤੇ ਲੀਡਰਸ਼ਿਪ ਚੋਣ ਪ੍ਰਚਾਰ ਕਰਦੀ ਫਿਰਦੀ ਹੈ।