ਸ਼ਕਤੀਮਾਨ ਦਾ ਨਵਾਂ ਅਵਤਾਰ ਹੋਵੇਗਾ ‘ਮਹਾਂਰਕਸ਼ਕ ਆਰੀਅਨ’

0
992

Khalid

ਚੰਡੀਗੜ੍ਹ – ਕਦੇ ਸੁਪਰਮੈਨ ‘ਸ਼ਕਤੀਮਾਨ’ ਬਣ ਕੇ ਭਾਰਤੀ ਟੀ. ਵੀ. ਸਕਰੀਨ ’ਤੇ ਛਾ ਗਿਆ ਸੀ ਤੇ ਹੁਣ ਓਸੇ ਦਾ ਨਵਾਂ ਅਵਤਾਰ ‘ਮਹਾਂਰਕਸ਼ਕ ਆਰੀਅਨ’ ਦੀ ਸ਼ਕਲ ਧਾਰ ਕੇ ਆ ਰਿਹਾ ਹੈ। ਬਸ ਥੋੜ੍ਹਾ ਫਰਕ ਹੈ। ਇਹ ਨਵਾਂ ਸੁਪਰ ਹੀਰੋ ਥੋੜ੍ਹਾ ਸਵੀਟ ਹੈ, ਸਾਦ-ਮੁਰਾਦਾ ਜਿਹਾ ਆਮ ਵਿਦਿਆਰਥੀ ਹੈ, ਜਿਸਦੀ 18ਵੇਂ ਸਾਲ ’ਚ ਕਾਇਆਪਲਟੀ ਹੋ ਜਾਂਦੀ ਹੈ ਅਤੇ ਉਹ ਅਚਨਚੇਤ ਅਲੌਕਿਕ ਸ਼ਕਤੀਆਂ ਦੇ ਅਹਿਸਾਸ ਨਾਲ ਭਰ ਜਾਂਦਾ ਹੈ। ਇਹ ਤਰਕਸ਼ੀਲ ਤੇ ਵਿਗਿਆਨਕ ਸੋਚ ਲਈ ਅਚੰਭਾਜਨਕ ਨਹੀਂ ਕਿ ਜੀ ਟੀ. ਵੀ. ਦੀ ਸਕਰੀਨ ਅਜਿਹੇ ‘ਮਹਾਂਰਕਸ਼ਕ ਆਰੀਅਨ’ ਨੂੰ ਬਾਲਾਂ ਦੇ ਦਿਲੋ-ਦਿਮਾਗ ’ਚ ਉਤਾਰਨ ਜਾ ਰਿਹਾ ਹੈ। ਹਾਂ, ਇਸ ਆਧੁਨਿਕ ਯੁੱਗ ਦਾ ਸੁਪਰਹੀਰੋ ਕਿਸੇ ਖਾਸ ਕਿਸਮ ਦੇ ਪਹਿਰਾਵੇ ਨਾਲ ਪੇਸ਼ ਨਹੀਂ ਹੋ ਰਿਹਾ, ਨਾ ਉਹ ਹਵਾ ’ਚ ਉੱਡ ਰਿਹਾ ਹੈ, ਨਾ ਉਸ ਦੀਆਂ ਗਜ਼-ਗਜ਼ ਲੰਮੀਆਂ ਬਾਹਵਾਂ ਹਨ। ਫਿਰ ਵੀ ਗੈਬੀ ਸ਼ਕਤੀਆਂ ਨਾਲ ਲੈਸ ਹੈ ਅਤੇ ਕੰਬਾ ਨਾਂ ਦੇ ਦੁਸ਼ਟ ਦੀ ਮਣੀ ਉੱਤੇ ਕਾਬਜ਼ ਹੋਣ ਦੀ ਚਾਹਤ ਦਾ ਟਾਕਰਾ ਕਰਦਾ ਹੈ। ਕੰਬਾ ਵੀ ਗੈਬੀ ਸ਼ਕਤੀਆਂ ਦਾ ਮਾਲਕ ਹੈ ਅਤੇ ਸ਼ੈਤਾਨੀ ਰੂਹ ਹੈ। ਇਸ 18 ਸਾਲਾ ‘ਦੇਵ ਦੂਤ’ ਦਾ ਰੋਲ ਹਰਿਆਣਾ ਵਾਸੀ ਆਕਰਸ਼ਣ ਸਿੰਘ ਕਰ ਰਿਹਾ ਹੈ।
ਇਹ ਜਾਣਕਾਰੀ ਖਾਸ ਤੌਰ ’ਤੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਅਦਾਕਾਰ ਖਾਲਿਦ ਸਦੀਕੀ ਨੇ ਦਿੱਤੀ, ਜੋ ਆਰੀਅਨ ਦੇ ਅੰਕਲ ਅਰਜੁਨ ਦੀ ਭੂਮਿਕਾ ਅਦਾ ਕਰਨ ਜਾ ਰਹੇ ਹਨ। ਉਹ ਵੀ ਗੈਬੀ ਸ਼ਕਤੀਆਂ ਨਾਲ ਲੈਸ ਆਮ ਘਰੇਲੂ ਆਦਮੀ ਹੈ, ਜੋ ਪੱਤਰਕਾਰ ਦੀ ਭੂਮਿਕਾ ਅਦਾ ਕਰ ਰਿਹਾ ਹੈ। ਇਹਦੇ ਨਾਲ ਹੀ ਸਰਵਸ਼ਕਤੀਮਾਨ ਮਣੀ ਦਾ ਰੱਖਿਅਕ ਵੀ ਹੈ, ਜਿਸ ’ਤੇ ਕਾਬਜ਼ ਹੋਣਾ ਸ਼ੈਤਾਨੀ ਰੂਹ ਕੰਬਾ ਦਾ ਇੱਕੋ-ਇੱਕ ਮਕਸਦ ਹੈ। ਇਸ ਪੱਤਰਕਾਰ ਨੇ ਸੰਸਾਰ ਨੂੰ ਬਦੀ ਦੀਆਂ ਸ਼ਕਤੀਆਂ ਤੋਂ ਮੁਕਤ ਕਰਵਾਉਣ ਦੀ ਕਸਮ ਜੁ ਖਾ ਰੱਖੀ ਹੈ, ਜਿਸ ਲਈ ਪੱਤਰਕਾਰ ਦੀ ਕਲਮ ਕਾਫੀ ਨਹੀਂ ਹੈ। ਕਲਮ ਤਾਂ ਆਮ ਆਦਮੀ ਦੀ ਭੂਮਿਕਾ ਵੇਲੇ ਰੋਟੀ-ਰੋਜੀ ਦਾ ਸਾਧਨ ਹੈ। ਬਦੀ ਦਾ ਟਾਕਰਾ ਤਾਂ ਅਲੌਕਿਕ ਸ਼ਕਤੀ ਹੀ ਕਰ ਸਕਦੀ ਹੈ! ਉਹ 18 ਸਾਲ ਦਾ ਹੋਣ ਤੱਕ ਆਪਣੇ ਭਤੀਜੇ ਆਰੀਅਨ ਕੋਲੋਂ ਸਭ ਕੁਝ ਲੁਕਾ ਕੇ ਰੱਖਦਾ ਹੈ, ਪਰ ਓਦੋਂ ਤੱਕ, ਜਦੋਂ ਤੱਕ ਆਰੀਅਨ ਅੰਦਰ ਵੀ ਗੈਬੀ ਸ਼ਕਤੀਆਂ ਦੀ ਝਲਕ ਨਜ਼ਰ ਨਹੀਂ ਆ ਜਾਂਦੀ। ਭਤੀਜਾ ਅੱਲਾ ਨੂੰ ਪਿਆਰੇ ਹੋ ਚੁੱਕੇ ਭਰਾ ਦੀ ਅਮਾਨਤ ਹੈ, ਜਿਸਨੂੰ ਉਸਨੇ ਰੀਝਾਂ ਨਾਲ ਪਾਲਿਆ ਹੈ।
ਖਾਲਿਦ ਸਕੀਕੀ ਨੇ ਦੱਸਿਆ ਕਿ ਇਸ ਸ਼ੋਅ ਦੇ ਪ੍ਰੋਡਕਸ਼ਨ ਡਿਜਾਇਨਰ ਓਮੰਗ ਕੁਮਾਰ ਹਨ, ਜਿਨ੍ਹਾਂ ‘ਸਾਂਵਰੀਆ’ ਅਤੇ ‘ਬਲੈਕ’ ਵਰਗੀਆਂ ਫਿਲਮਾਂ ਲਈ ਆਰਟ ਡਾਇਰੈਕਰਟ ਵਜੋਂ ਕੰਮ ਕੀਤਾ ਹੈ ਅਤੇ ‘ਮੈਰੀ ਕਾੱਮ’ ਦੇ ਨਿਰਦੇਸ਼ਨ ਦਾ ਜਿੰਮਾ ਓਟ ਰੱਖਿਆ ਸੀ। ਇਸ ਸ਼ੋਅ ਬਾਬਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾੱਲੀਵੁੱਡ ਫਿਲਮਾਂ ਦੀ ਤਕਨੀਕ ਨੂੰ ਟੱਕਰ ਦੇਣ ਵਾਲਾ ਟੀ. ਵੀ. ਸ਼ੋਅ ਸਾਬਿਤ ਹੋਵੇਗਾ। ਇਸ ਦੇ ਮੇਚਵੀਂ ਸੁਪਰ ਹੀਰੋ ਸੀਰੀਜ ਭਾਰਤੀ ਟੈਲੀਵਿਜਨ ਦੀ ਸਕਰੀਨ ’ਤੇ ਪਹਿਲਾਂ ਕਦੇ ਨਹੀਂ ਵੇਖੀ ਗਈ। ਇਸ 13 ਹਫ਼ਤੇ ਚੱਲਣ ਵਾਲੇ ਸੀਰੀਅਲ ਦੀ ਸਭ ਤੋਂ ਵੱਡੀ ਖੂਬੀ 26 ਐਪੀਸੋਡ ਵਿੱਚ ਖ਼ਤਮ ਹੋ ਜਾਣਾ ਹੈ। ਦੂਜੀ ਖੂਬੀ ‘ਮਹਾਂਰਕਸ਼ਕ’ ਦੀ ਹਰ ਵਾਰ ਨਵੇਂ ਵਿਲੇਨ ਨਾਲ ਟੱਕਰ ਹੈ, ਜੋ ਇਸ ਸੀਰੀਅਲ ਨੂੰ ਦਿਲਚਸਪ ਬਣਾਈ ਰੱਖੇਗੀ।