ਐਨ ਐਨ ਬੀ
ਜਲੰਧਰ – ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ 40 ਤੋਂ ਵੱਧ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਦੋਆਬਾ ਜ਼ੋਨ ਦੀ ਰੈਲੀ ਕਰਕੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਵਾਲੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਰੈਲੀ ਵਿੱਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਰੋਪੜ ਅਤੇ ਨਵਾਂਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।
ਕੁਲਵੰਤ ਸੰਧੂ, ਬਲਵਿੰਦਰ ਸਿੰਘ ਬਾਜਵਾ, ਮਦਨ ਲਾਲ ਅਤੇ ਅਨੀਤਾ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਉਕਤ ਨੀਤੀਆਂ ਤਹਿਤ ਰਾਜ ਵਿੱਚ ਲਾਗੂ ਕੀਤਾ ਜਾ ਰਿਹਾ ਅਖੌਤੀ ਵਿਕਾਸ ਮਾਡਲ ਸਮੂਹ ਮਿਹਨਤਕਸ਼ ਲੋਕਾਂ ਲਈ ਅਤਿ ਵਿਨਾਸ਼ਕਾਰੀ ਹੈ। ਇਹੀ ਵਜ੍ਹਾ ਹੈ ਕਿ ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ’ਚ ਸਰਕਾਰ ਪ੍ਰਤੀ ਰੋਹ ਵਧਦਾ ਜਾ ਰਿਹਾ ਹੈ ਤੇ ਲੋਕ ਜਥੇਬੰਦ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹਨ।
ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਸੰਘਰਸ਼ ਕਰਨ ਦੇ ਹੱਕ ਨੂੰ ਬਹਾਲ ਕਰਾਉਣ ਲਈ ਪੰਜਾਬ ਦੀਆਂ ਜਨਤਕ-ਜਮਹੂਰੀ ਸ਼ਕਤੀਆਂ ਦਾ ਡੱਟ ਕੇ ਸਾਥ ਦੇਣ। ਉਨ੍ਹਾਂ ਇਕ ਮਤੇ ਰਾਹੀਂ ਜੇਲ੍ਹੀਂ ਡੱਕੇ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪਨੂੰ ਅਤੇ ਸ਼ਿੰਗਾਰਾ ਸਿੰਘ ਮਾਨ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦਿਆਂ ਪਿਛਲੇ ਸਮੇਂ ਤੋਂ ਵੱਖ-ਵੱਖ ਘੋਲਾਂ ਦੌਰਾਨ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ’ਤੇ ਦਰਜ ਕੀਤੇ ਝੂਠੇ ਕੇਸ ਰੱਦ ਕਰਨ, ਚੰਡੀਗੜ੍ਹ, ਬਠਿੰਡਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ’ਚ ਧਰਨੇ ਮੁਜ਼ਾਹਰੇ ਕਰਨ ’ਤੇ ਲਾਈ ਅਣ-ਐਲਾਨੀ ਪਾਬੰਦੀ ਖਤਮ ਕੀਤੇ ਜਾਣ ਦੀ ਮੰਗ ਕੀਤੀ। ਦੂਜੇ ਮਤੇ ਵਿੱਚ ਪੰਜਾਬ ’ਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਸ਼ੈੱਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਦੀ ਨਿਖੇਧੀ ਕਰਦਿਆਂ ਬਿਜਲੀ ਸਪਲਾਈ ਨਿਰਵਘਨ 8 ਘੰਟੇ ਦੇਣ ਸਮੇਤ ਹੋਰ ਮੰਗਾਂ ਰੱਖੀਆਂ।
ਇਸ ਮੌਕੇ ਹਰਮੇਸ਼ ਮਾਲੜੀ, ਤਰਸੇਮ ਪੀਟਰ, ਦਰਸ਼ਨ ਨਾਹਰ, ਮੋਹਨ ਸਿੰਘ ਬਲ, ਹਰਮੇਸ਼ ਸਿੰਘ ਢੇਸੀ, ਅਮੋਲਕ ਸਿੰਘ, ਕੁਲਵਿੰਦਰ ਸਿੰਘ ਵੜੈਚ, ਭੁਪਿੰਦਰ ਸਿੰਘ ਵੜੈਚ, ਰਣਬੀਰ ਰੰਧਾਵਾ, ਗੁਰਬਖਸ਼ ਕੌਰ ਸੰਘਾ, ਕੁਲਵਿੰਦਰ ਸਿੰਘ ਜੋਸਨ, ਡਾ. ਰਮੇਸ਼ ਕੁਮਾਰ ਬਾਲੀ, ਡਾ. ਸਤਨਾਮ ਸਿੰਘ ਅਜਨਾਲਾ ਆਦਿ ਨੇ ਸੰਬੋਧਨ ਕੀਤਾ।