ਐਨ ਐਨ ਬੀ
ਅੰਮ੍ਰਿਤਸਰ –ਤਿਓਹਾਰਾਂ ਦੇ ਮੌਸਮ ਵਿੱਚ ਨਕਲੀ ਖੋਆ ਬਣਾਏ ਜਾਣ ਦੇ ਕੇਸ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਮਿਲਾਵਟੀ ਵਸਤਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਜ਼ਿਲ੍ਹਾ ਟਰਾਂਸਪੋਰਟ ਦਫਤਰ ਦੇ ਬਾਹਰੋਂ ਪੰਜ ਕੁਇੰਟਲ ਸਿੰਥੈਟਿਕ ਖੋਆ ਬਰਾਮਦ ਕੀਤਾ ਹੈ।
ਇਸ ਸਬੰਧੀ ਸਵੇਰੇ ਕੀਤੀ ਗਈ ਕਾਰਵਾਈ ਤਹਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੌਕਸੀ ਵਰਤੀ ਜਾ ਰਹੀ ਸੀ। ਜਿਵੇਂ ਹੀ ਇਹ ਖੋਆ ਇਥੇ ਇਕ ਬੱਸ ਵਿਚੋਂ ਉਤਾਰਿਆ ਗਿਆ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਇਸ ਖੋਏ ਨੂੰ ਕਬਜ਼ੇ ਵਿਚ ਲੈ ਲਿਆ। ਇਸ ਦੌਰਾਨ ਕੋਈ ਵੀ ਵਿਅਕਤੀ ਇਸ ਖੋਏ ਨੂੰ ਲੈਣ ਲਈ ਅੱਗੇ ਨਹੀਂ ਆਇਆ। ਡਾਕਟਰ ਸ਼ਿਵਕਰਨ ਸਿੰਘ ਕਾਹਲੋਂ ਨੇ ਆਖਿਆ ਕਿ ਖੋਏ ਦਾ ਮਾਲਕ ਸਾਹਮਣੇ ਨਾ ਆਉਣ ਕਾਰਨ ਵੀ ਸ਼ੱਕ ਸਹੀ ਸਾਬਤ ਹੋਇਆ ਹੈ ਕਿ ਇਹ ਮਿਲਾਵਟੀ ਖੋਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਮਿਲਾਵਟੀ ਅਤੇ ਨਕਲੀ ਖੋਏ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਅਗਾਉਂ ਜਾਣਕਾਰੀ ਮਿਲੀ ਸੀ ਕਿ ਤਿਉਹਾਰਾਂ ਦੇ ਦਿਨਾਂ ਵਿਚ ਨਕਲੀ ਖੋਏ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਵੱਖ ਵੱਖ ਥਾਵਾਂ ਤੋਂ 49 ਵਸਤੂਆਂ ਦੇ ਨਮੂਨੇ ਭਰੇ ਗਏ ਹਨ।