ਐਨ ਐਨ ਬੀ
ਲਾਸ ਏਂਜਲਸ – ਇਕ ਅਮਰੀਕੀ ਅਦਾਲਤ ਨੇ ਸਿੱਖ ਫਾਰ ਜਸਟਿਸ ਵੱਲੋਂ ਦਾਇਰ ਕੀਤੇ ਗਏ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਕੇਸ ਵਿੱਚ ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬਚਨ ਨੂੰ ਸੰਮਨ ਜਾਰੀ ਕੀਤੇ ਹਨ। ਅਮਰੀਕੀ ਜ਼ਿਲ੍ਹਾ ਅਦਾਲਤ ਨੇ ਨਿਊਯਾਰਕ ਆਧਾਰਤ ਸਿੱਖ ਫਾਰ ਜਸਟਿਸ (ਐਸ ਐਫ ਜੇ) ਅਤੇ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੋ ਪੀੜਤਾਂ ਵੱਲੋਂ ਦਾਇਰ ਸ਼ਿਕਾਇਤ ’ਤੇ ਸੰਮਨ ਜਾਰੀ ਕੀਤੇ ਹਨ। ਦੰਗਾ ਪੀੜਤ ਬਾਬੂ ਸਿੰਘ ਦੁਖੀਆ ਦਿੱਲੀ ਅਤੇ ਮਹਿੰਦਰ ਸਿੰਘ ਕੈਲੀਫੋਰਨੀਆ ਦਾ ਵਸਨੀਕ ਹੈ। ਅਦਾਲਤ ਨੇ ਬਚਨ ਨੂੰ ਸੰਮਨ ਜਾਰੀ ਕਰਦਿਆਂ 21 ਦਿਨਾਂ ਵਿੱਚ ਜਵਾਬ ਦੇਣ ਦੀ ਹਦਾਇਤ ਕੀਤੀ ਹੈ। 36 ਸਫ਼ਿਆਂ ਦੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਭੜਕਾਉਣ ਲਈ ਅਮਿਤਾਭ ਬਚਨ ਨੇ ਲੋਕਾਂ ਨੂੰ ਉਕਸਾਇਆ ਸੀ।
ਐਸ ਐਫ ਜੇ ਸੋਨੀਆ ਗਾਂਧੀ ਸਮੇਤ ਕਈ ਭਾਰਤੀ ਨੇਤਾਵਾਂ ਸਿੱਖ ਕਤਲੇਆਮ ਦੇ ਮੁੱਦੇ ’ਤੇ ਅਮਰੀਕੀ ਅਦਾਲਤ ਦੇ ਕਟਹਿਰੇ ’ਚ ਲਿਆਉਣ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ, ਪਰ ਇੱਕ ਨੇਤਾ ਵਾਰ-ਵਾਰ ਕੀਤੀਆਂ ਅਪੀਲਾਂ ਤੋਂ ਬਾਅਦ ਨੇਤਾਵਾਂ ਦੇ ਨਾਂ ਬਦਲਦੇ ਆ ਰਹੇ ਹਨ, ਸੰਗਠਨ ਨੂੰ ਹਾਲੇ ਤੱਕ ਸਫ਼਼ਲਤਾ ਨਹੀਂ ਮਿਲ਼ ਸਕੀ। ਇਸੇ ਦੌਰਾਨ ਅਮਰੀਕਾ ਦੇ ਲਾਸ ਏਂਜਲਸ ਦੀ ਫੈਡਰਲ ਕੋਰਟ ਵੱਲੋਂ ਫ਼ਿਲਮ ਅਦਾਕਾਰ ਅਮਿਤਾਬ ਬੱਚਨ ਨੂੰ ਨਵੰਬਰ ’84 ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਇੱਕ ਪਟੀਸ਼ਨ ਦੇ ਆਧਾਰ ’ਤੇ ਸੰਮਨ ਜਾਰੀ ਕੀਤੇ ਜਾਣ ਦਾ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਆਗੂਆਂ ਨੇ ਸਵਾਗਤ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰ ਗੁਰਪਤਵੰਤ ਸਿੰਘ ਪੰਨੂ ਨੇ ਅਮਰੀਕਾ ਦੀ ਫੈਡਰਲ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਦਿੱਲੀ ਦੰਗਿਆਂ ਦੀ ਚਸ਼ਮਦੀਦ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਦੰਗੇ ਭੜਕਾਉਣ ਵਾਲੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।