ਐਨ ਐਨ ਬੀ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਦੇ ਬਾੜ-ਪੀੜਤਾਂ ਨੂੰ ਰਾਹਤ ਸਮੱਗਰੀ ਭੇਜਣ ਦੇ ਨਾਂ ’ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵੱਡੀ ਪੱਧਰ ’ਤੇ ਘਪਲੇਬਾਜ਼ੀ ਕੀਤੀ ਗਈ ਹੈ। ਹੜ੍ਹ-ਪੀੜਤਾਂ ਦੇ ਬਿਆਨਾਂ ਦੀ ਵੀਡੀਓ ਨੂੰ ਪ੍ਰਾਜੈਕਟਰ ’ਤੇ ਦਿਖਾਉਂਦੇ ਹੋਏ ਸਰਨਾ ਨੇ ਕਿਹਾ ਕਿ ਉੱਤਰਾਖੰਡ ਅਤੇ ਕਸ਼ਮੀਰ ਵਿਖੇ ਕੁਦਰਤੀ ਤ੍ਰਾਸਦੀ ਦੌਰਾਨ ਲੋਕਾਂ ਨਾਲ ਹਮਦਰਦੀ ਵਰਤਣ ਦੀ ਬਜਾਏ, ਕਮੇਟੀ ਅਹੁਦੇਦਾਰਾਂ ਨੇ ਇਨ੍ਹਾਂ ਮੌਕਿਆਂ ਨੂੰ ਘਪਲੇ ਕਰਨ ਲਈ ਉਪਯੋਗ ਕੀਤਾ। ਉਨ੍ਹਾਂ ਕਿਹਾ ਕਿ ਦੇਹਰਾਦੂਨ ਅਤੇ ਸ੍ਰੀਨਗਰ ਵਿਚ ਵੀ ਕਮੇਟੀ ਪ੍ਰਬੰਧਕ ਚਾਰਟਰਡ ਹਵਾਈ ਜਹਾਜ਼ਾਂ ਦਾ ਉਪਯੋਗ ਕਰਕੇ ਗਏ, ਜਿਸਦੀ ਉੱਕਾ ਹੀ ਕੋਈ ਲੋੜ ਨਹੀਂ ਸੀ। ਕਮੇਟੀ ਵੱਲੋਂ ਕਸ਼ਮੀਰ ਵਿਖੇ ਦੇਸੀ ਘਿਓ ਦੇ 500 ਕਨਸਤਰਾਂ ਵਾਲਾ ਟੈਂਪੂ ਭੇਜਣ ਦਾ ਦਾਅਵਾ ਕੀਤਾ ਗਿਆ, ਜਦਕਿ ਇੰਨੇ ਕਨਸਤਰ ਇਕ ਟੈਂਪੂ ਵਿੱਚ ਆ ਹੀ ਨਹੀਂ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਨੇ ਜਿਹੜਾ ਮਾੜਾ-ਮੋਟਾ ਰਾਸ਼ਨ ਪਕਾ ਕੇ ਹੜ੍ਹ ਪੀੜਤਾਂ ਵਾਸਤੇ ਭੇਜਿਆ ਸੀ, ਉਹ ਏਨਾ ਮਾੜਾ ਸੀ ਕਿ ਏਅਰ ਫੋਰਸ ਦੇ ਅਧਿਕਾਰੀਆਂ ਨੇ ਉਹ ਸਮੱਗਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਸਰਨਾ ਨੇ ਕਿਹਾ ਕਿ ਸ੍ਰੀਨਗਰ ਵਿਖੇ ਸਭ ਤੋਂ ਵੱਧ ਨੁਕਸਾਨ ਜਵਾਹਰ ਨਗਰ ਵਿੱਚ ਹੋਇਆ ਹੈ ਤੇ ਇਸੇ ਇਲਾਕੇ ਵਿੱਚ ਸਭ ਤੋਂ ਵੱਧ ਸਿੱਖ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਇਕ ਵਫ਼ਦ ਸ੍ਰੀਨਗਰ ਦੇ ਸਿੱਖਾਂ ਦੇ ਘਰਾਂ ’ਚ ਜਾ ਕੇ ਗਰਮ ਕੰਬਲ ਤੇ ਹੋਰ ਲੋੜੀਂਦੀ ਸਮੱਗਰੀ ਵਰਤਾਏਗਾ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਇਕ ਆਡੀਓ ਕਲਿਪ ਵੀ ਸੁਣਾਇਆ ਗਿਆ। ਇਸ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦਾ ਇਕ ਸੀਨੀਅਰ ਅਹੁਦੇਦਾਰ ਸਰਨਾ ਪ੍ਰਤੀ ਇਤਰਾਜ਼ਯੋਗ ਭਾਸ਼ਾ ਬੋਲ ਰਿਹਾ ਹੈ।