ਐਨ ਐਨ ਬੀ
ਸੰਗਰੂਰ – ਹਰਿਆਣਾ ਵਿੱਚ ਇਨੈਲੋ ਸ਼੍ਰੋਮਣੀ ਅਕਾਲੀ ਦਲ ਗਠਜੋੜ ਜੇਤੂ ਰਹੇਗਾ ਅਤੇ ਕਿਸੇ ਵੀ ਹੋਰ ਦੂਜੀ ਪਾਰਟੀ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਦਾਅਵਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਥੇ ਕੀਤਾ। ਉਹ ਹਰਿਆਣਾ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਹੋਏ ਸੰਗਰੂਰ ਵਿਖੇ ਕੁਝ ਸਮੇਂ ਲਈ ਰੁਕੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਵਿਰੋਧੀ ਹਵਾ ਚੱਲ ਰਹੀ ਹੈ ਤੇ ਲੋਕ ਕਾਂਗਰਸ ਨੂੰ ਉਖਾੜ ਸੁੱਟਣ ਲਈ ਤਿਆਰ ਬੈਠੇ ਹਨ। ਇਹੀ ਕਾਰਨ ਹੈ ਕਿ ਇਨੈਲੋ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਵਿੱਚ ਜਿੱਤ ਤੈਅ ਹੈ।
ਜਮਾਲਪੁਰ ਕਾਂਡ ਬਾਰੇ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ਕਿਹਾ ਕਿ ਉਹ ਲਗਾਤਾਰ ਪੁਲੀਸ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਤੇ ਉਨ੍ਹਾਂ ਨੇ ਸਬੰਧਤ ਐਸ.ਐਸ.ਪੀ. ਨਾਲ ਗੱਲ ਕੀਤੀ ਹੈ। ਇਸ ਕਾਂਡ ਦੇ ਦੋਸ਼ੀਆਂ ਨੂੰ ਢੁੱਕਵੀਂ ਸਜ਼ਾ ਮਿਲੇਗੀ। ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਵੱਲੋਂ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ’ਤੇ ਕੀਤੇ ਹਮਲਿਆਂ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਵੀ ਪ੍ਰਤੀਕ੍ਰਿਆ ਦੇਣ ਤੋਂ ਨਾਂਹ ਕਰ ਦਿੱਤੀ।
ਚੌਟਾਲਾ ਨੂੰ ਜੇਲ੍ਹ ’ਚ ਡੱਕਣ ਦਾ ਵਿਰੋਧ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਓਮ ਪ੍ਰਕਾਸ਼ ਚੌਟਾਲਾ ਦੇ ਜੇਲ੍ਹਾਂ ਵਿੱਚ ਬੰਦ ਹੋਣ ਬਾਰੇ ਕਿਹਾ ਕਿ ਕਾਂਗਰਸੀ ਸਰਕਾਰਾਂ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਡੱਕ ਸਕਦੀਆਂ ਹਨ, ਪ੍ਰੰਤੂ ਜਨਤਾ ਦੇ ਦਿਲ ਨਹੀਂ ਜਿੱਤ ਸਕਦੀਆਂ। ਉਹ ਕਸਬਾ ਸੀਵਨ ਦੇ ਰਾਮਲੀਲਾ ਗਰਾਊਂਡ ਵਿੱਚ ਹਲਕਾ ਗੂਹਲਾ ਤੋਂ ਇਨੈਲੋ ਪਾਰਟੀ ਦੇ ਉਮੀਦਵਾਰ ਬੂਟਾ ਸਿੰਘ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਵੋਟ ਮੰਗਣ ਲਈ ਆਏ ਸਨ। ਉਨ੍ਹਾਂ ਕਿਹਾ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਜਿਸ ਤਰ੍ਹਾਂ ਝੂਠੇ ਮੁਕੱਦਮੇ ਬਣਾ ਕੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੂੰ ਜੇਲ੍ਹ ਵਿੱਚ ਡੱਕਿਆ ਹੈ, ਇਸ ਦਾ ਬਦਲਾ ਹਰਿਆਣਾ ਦੀ ਜਨਤਾ 15 ਅਕਤੂਬਰ ਨੂੰ ਲਵੇਗੀ।