ਐਨ ਐਨ ਬੀ
ਕੋਲਹਾਪੁਰ – ਭਾਜਪਾ ’ਤੇ ਹਮਲੇ ਤੇਜ਼ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਹਾਰਾਸ਼ਟਰ ਦੇ ਵੋਟਰਾਂ ਨੂੰ ਕਿਹਾ ਹੈ ਕਿ ਉਹ ਸਮਾਜ ’ਚ ਨਫ਼ਰਤ ਫੈਲਾਉਣ ਵਾਲੀ ਪਾਰਟੀ ਦੀਆਂ ਗੱਲਾਂ ’ਚ ਨਾ ਆਉਣ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਸ਼ਿਵ ਸੈਨਾ ਦਾ ਭਾਵੇਂ ਤੋੜ-ਵਿਛੋੜਾ ਹੋ ਗਿਆ ਹੈ ਪਰ ਅਸਲੀਅਤ ’ਚੋਂ ਦੋਵੇਂ ਪਾਰਟੀਆਂ ਇਕੋ ਹਨ ਅਤੇ ‘‘ਉਨ੍ਹਾਂ ਦਾ ਮੰਤਵ ਸਮਾਜ ’ਚ ਨਫ਼ਰਤ ਫੈਲਾਉਣਾ ਹੈ। ਤੁਸੀਂ ਭਾਜਪਾ ਦੀਆਂ ਗੱਲਾਂ ’ਚ ਨਾ ਆਇਓ, ਜਿਹੜੀ ਮੁਖੌਟੇ ਬਦਲਦੀ ਰਹਿੰਦੀ ਹੈ।’’
ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਦਾ ਤੋੜ-ਵਿਛੋੜਾ ਮਹਿਜ਼ ਨਾਟਕ ਹੈ
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਦਾ ਤੋੜ-ਵਿਛੋੜਾ ਮਹਿਜ਼ ਨਾਟਕ ਹੈ। ਇਨ੍ਹਾਂ ਦੇ ਵੱਖ ਹੋਣ ਦਾ ਇਕੋ-ਇਕ ਮਕਸਦ ਚੋਣਾਂ ਵਿੱਚ ਲੋਕਾਂ ਦਾ ਧਿਆਨ ਭਟਕਾਉਣਾ ਹੈ।
ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਿਛਲੀ ਯੂ ਪੀ ਏ ਸਰਕਾਰ ਦੀਆਂ ਨੀਤੀਆਂ ਨੂੰ ਹੀ ਅੱਗੇ ਵਧਾ ਰਹੀ ਹੈ, ਜਦਕਿ ਉਸ ਸਮੇਂ ਉਹ ਉਨ੍ਹਾਂ ਦਾ ਵਿਰੋਧ ਕਰਦੀ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਮਹਾਰਾਸ਼ਟਰ ਨੂੰ ਗੁਜਰਾਤ ਤੋਂ ਅੱਗੇ ਲਿਜਾਣ ਦੀ ਗੱਲ ਆਖਦੇ ਹਨ। ਪਰ ਮਹਾਰਾਸ਼ਟਰ ਤਾਂ ਤਕਰੀਬਨ ਸਾਰੇ ਖੇਤਰਾਂ ’ਚ ਹੀ ਗੁਜਰਾਤ ਤੋਂ ਅੱਗੇ ਹੈ। ਮਹਿੰਗਾਈ ਦੇ ਮਸਲੇ ’ਤੇ ਘੇਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਭਾਜਪਾ ਵੱਡੀਆਂ- ਵੱਡੀਆਂ ਗੱਲਾਂ ਕਰਦੀ ਹੈ ਪਰ ਅਸਲੀਅਤ ਵੱਖ ਹੁੰਦੀ ਹੈ। ਲੋਕ ਸਭਾ ਚੋਣਾਂ ’ਚ ਵੀ ਉਨ੍ਹਾਂ ਵੰਡੇ ਵਾਅਦੇ ਕੀਤੇ। ਮਹਿੰਗਾਈ 100 ਦਿਨਾਂ ’ਚ ਘੱਟ ਕਰਨ ਦੇ ਵਾਅਦੇ ਦਾ ਕੀ ਬਣਿਆ ਹੈ?
ਨਰਿੰਦਰ ਮੋਦੀ ਨੇ ਕਾਂਗਰਸ ਤੇ ਐਨ ਸੀ ਪੀ ਦੇ ਤਿੜਕੇ ਗਠਜੋੜ ਦੇ ਬਾਵਜੂਦ ਕਿਹਾ ਕਿ ਸਭ ਜਾਣਦੇ ਹਨ ਕਿ ਅਸਲ ਵਿੱਚ ਇਹ ਇਕ ਹੀ ਹਨ। ਇਹ ਇਕੋ ਖਾਸੇ ਨਾਲ ਸਬੰਧ ਰੱਖਦੀਆਂ ਹਨ। ਇਨ੍ਹਾਂ ਦਾ ਵਖਰੇਵਾਂ ਇਕ ਛਲਾਵਾ ਹੈ ਤਾਂ ਕਿ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ।
ਉਨ੍ਹਾਂ ਜੇ ਕਾਂਗਰਸ ਤੇ ਐਨ ਸੀ ਪੀ ਨੱਕੋ-ਨੱਕ ਭ੍ਰਿਸ਼ਟਾਚਾਰ ਵਿੱਚ ਡੁੱਬਣ ਦੀ ਥਾਂ ਸੱਤਾ ਦੇ 15 ਸਾਲਾਂ ਦੌਰਾਨ ਲੋਕਾਂ ਦਾ ਭਲਾ ਕੀਤਾ ਹੁੰਦਾ ਤਾਂ ਸੂਬੇ ਦੀ ਹਾਲਤ ਅੱਜ ਹੋਰ ਦੀ ਹੋਰ ਹੋਣੀ ਸੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੇ ਵਿਕਾਸ ਲਈ ਭਾਜਪਾ ਨੂੰ ਪੂਰਾ ਬਹੁਮਤ ਦਿਵਾਉਣ ਤੇ ਰਾਜ ਨੂੰ ਗਠਜੋੜ ਰਾਜਨੀਤੀ ਤੋਂ ਮੁਕਤ ਕਰਨ ਦਾ ਕੰਮ ਸਿਰੇ ਲਗਾ ਦੇਣ।