ਐਨ ਐਨ ਬੀ
ਦਸੂਹਾ-ਮੁਕੇਰੀਆਂ ਕੌਮੀ ਮਾਰਗ ’ਤੇ ਪੈਂਦੇ ਗੁਰਦੁਆਰਾ ਟੱਕਰ ਸਾਹਿਬ ਸਾਹਮਣੇ ਤੜਕਸਾਰ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨ ਅਥਲੀਟਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਮੁਕੇਸ਼ (17) ਉਰਫ਼ ਨੰਨੀ ਪੁੱਤਰ ਅਸ਼ੋਕ ਕੁਮਾਰ ਅਤੇ ਗੁਰਪ੍ਰੀਤ ਸਿੰਘ (18) ਪੁੱਤਰ ਰਾਮ ਕ੍ਰਿਸ਼ਨ ਵਜੋਂ ਹੋਈ ਹੈ। ਦੀਪਕ ਸਲਾਰੀਆ (17) ਪੁੱਤਰ ਸੁਖਦੇਵ ਸਿੰਘ ਜ਼ਖ਼ਮੀ ਹੋਇਆ ਹੈ। ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲਾ ਟਰੱਕ ਡਰਾਈਵਰ ਟਰੱਕ ਸਮੇਤ ਫਰਾਰ ਹੋ ਗਿਆ।
ਤਿੰਨੇ ਨੌਜਵਾਨ ਪਿੰਡ ਭੱਟੀਆਂ ਜੱਟਾਂ (ਮੁਕੇਰੀਆਂ) ਦੇ ਵਸਨੀਕ ਸਨ ਅਤੇ ਮੋਟਰਸਾਈਕਲ (ਪੀ ਬੀ 08-9884) ’ਤੇ ਦਸੂਹਾ ਦੇ ਪੰਚਾਇਤ ਸੰਮਤੀ ਸਟੇਡੀਅਮ ਵਿੱਚ ਦੌੜ ਦੀ ਪ੍ਰੈਕਟਿਸ ਕਰਨ ਆਏ ਸਨ। ਮੁਕੇਰੀਆਂ ਨੂੰ ਵਾਪਸ ਪਰਤਣ ਵੇਲੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ (ਐਚ ਆਰ-37ਬੀ-7770) ਨੇ ਟੱਕਰ ਮਾਰ ਦਿੱਤੀ। ਜ਼ਖ਼ਮੀ ਦੀਪਕ ਸਲਾਰੀਆ ਨੂੰ ਦਸੂਹਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਕੇਸ਼ ਅਤੇ ਗੁਰਪ੍ਰੀਤ ਜ਼ੋਨਲ ਪੱਧਰ ’ਤੇ ਦੌੜਾਂ ਵਿੱਚ ਜਿੱਤਣ ਮਗਰੋਂ ਹੁਸ਼ਿਆਰਪੁਰ ਵਿਖੇ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੈਕਟਿਸ ਕਰ ਰਹੇ ਸਨ। ਰਾਂਚੀ ਵਿਖੇ 10 ਅਕਤੂਬਰ ਨੂੰ ਫੌਜ ਵਿੱਚ ਭਰਤੀ ਹੋਣ ਵਾਲੀ ਰੈਲੀ ਲਈ ਵੀ ਉਹ ਪ੍ਰੈਕਟਿਸ ਕਰ ਰਹੇ ਸਨ।