ਰਤਵਾੜਾ ਸਾਹਿਬ :
ਸੰਤ ਮਹਾਂਪੁਰਸ਼ ਹੀ ਇਨਸਾਨ ਨੂੰ ਪਰਮਾਤਮਾ ਨਾਲ ਜੋੜਦੇ ਹਨ ਅਤੇ ਇਨਸਾਨ ਨੂੰ ਗਲਤ ਕੰਮਾਂ ਤੋਂ ਰੋਕ ਕੇ ਉਨ੍ਹਾਂ ਨੂੰ ਉੱਚਾ ਤੇ ਸੁੱਚਾ ਜੀਵਨ ਬਤੀਤ ਕਰਨ ਲਈ ਪ੍ਰੇਰਨਾ ਦਿੰਦੇ ਹਨ ਅਤੇ ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਅਜਿਹੇ ਮਹਾਨ ਸੰਤ ਮਹਾਂਪੁਰਸ਼ਾਂ ਵਿਚੋਂ ਇੱਕ ਸਨ ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਪਰਮਾਤਮਾ ਦੀ ਭਗਤੀ ‘ਚ ਅਤੇ ਲੋਕਾਂ ਨੂੰ ਪਰਮਾਤਮਾ ਨਾਲ ਜੋੜ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰਤਵਾੜਾ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਅਤੇ ਸੱਚਖੰਡ ਵਾਸੀ ਮਾਤਾ ਰਣਜੀਤ ਕੌਰ ਜੀ ਦੀ ਨਿੱਘੀ ਯਾਦ ਵਿੱਚ ਸੰਤ ਬਾਬਾ ਲਖਬੀਰ ਸਿੰਘ ਜੀ ਦੀ ਸਰਪਰਸਤੀ ਹੇਠ ਅਤੇ ਟਰੱਸਟ ਰਤਵਾੜਾ ਸਾਹਿਬ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਮਹਾਨ ਗੁਰਮਤਿ ਰੁਹਾਨੀ ਸਮਾਗਮ ਦੇ ਦੂਜੇ ਦਿਨ ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਅਤੇ ਸੱਚਖੰਡ ਵਾਸੀ ਮਾਤਾ ਰਣਜੀਤ ਕੌਰ ਨੂੰ ਭਾਵਭਿੰਨੀ ਸਰਧਾਂਜ਼ਲੀ ਭੇਂਟ ਕਰਦਿਆਂ ਕੀਤਾ।
ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਓਹੀ ਕੌਮਾਂ ਤਰੱਕੀ ਕਰਦੀਆਂ ਹਨ ਜਿਹੜੀਆਂ ਇਕੱਠੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇ ਸਿੱਖ ਕੌਮ ਦੀ ਆਬਾਦੀ ਬਹੁਤ ਘੱਟ ਹੈ ਪਰੰਤੂ ਮਿਹਨਤੀ ਅਤੇ ਜੂਝਾਰੂ ਕੌਮ ਹੋਣ ਸਦਕਾ ਅੱਜ ਵਿਸ਼ਵ ਦੇ ਕੌਨੇ ਕੌਨੇ ਵਿੱਚ ਸਿੱਖ ਕੌਮ ਦਾ ਵਾਸਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਆਪਣਾ ਚੰਗਾ ਨਾਂ ਕਮਾ ਰਹੀਂ ਹੈ। ਉਨ੍ਹਾਂ ਸਿੱਖ ਕੌਂਮ ਨੂੰ ਇੱਕਜੁੱਟ ਰਹਿਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਤਾਂ ਹੀ ਅਸੀਂ ਹੋਰ ਬੁਲੰਦੀਆਂ ਨੂੰ ਛੁਹਾਗੇ। ਉਨ੍ਹਾਂ ਨੌਜਵਾਨ ਪੀੜੀ ਦਾ ਨਸ਼ਿਆਂ ਵੱਲ ਵੱਧ ਰਹੇ ਰੂਝਾਨ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਕੌਂਮ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਜਿਸ ਵਿੱਚ ਬੱਚਿਆਂ ਦੇ ਮਾਪੇ ਅਤੇ ਸੰਗਤਾਂ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਸਖ਼ਤ ਤੋਂ ਸਖ਼ਤ ਕਦਮ ਪੁੱਟੇ ਪਰੰਤੂ ਸਰਕਾਰ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਸਫਲ ਨਹੀਂ ਹੋ ਸਕਦੀ। ਇਸ ਲਈ ਨਸਿਆਂ ਦੇ ਖਾਤਮੇ ਲਈ ਪੰਜਾਬ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਮਹਾਪੁਰਸਾਂ ਵੱਲੋਂ ਪੰਜਾਬ ਵਿੱਚ ਨਸ਼ਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ।
ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਸੰਤ ਬਾਬਾ ਲਖਬੀਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਮਹਾਂਪੁਰਸ ਜਿਥੇ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਨ ਦਾ ਕੰਮ ਕਰ ਰਹੇ ਹਨ ਉਥੇ ਸਿੱਖਿਆ ਦੇ ਖੇਤਰ ਵਿੱਚ ਵੀ ਵਿਦਿਅਕ ਅਦਾਰਿਆਂ ਰਾਹੀਂ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਲਾਘਾਯੋਗ ਕੰਮ ਕਰ ਰਹੇ ਹਨ। ਉਪ ਮੁੱਖ ਮੰਤਰੀ ਪੰਜਾਬ ਨੂੰ ਇਸ ਮੌਕੇ ਸੰਤ ਬਾਬਾ ਲਖਬੀਰ ਸਿੰਘ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਅਤੇ ਹੋਰ ਮਹਾਂਪੁਰਸਾਂ ਨੇ ਸਿਰੋਪਾਓ ਦੀ ਬਖਸ਼ਿਸ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ: ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਇਸ ਤਿੰਨ ਰੋਜ਼ਾ ਵਿਸ਼ਵ ਮਹਾਨ ਗੁਰਮਤਿ ਰੂਹਾਨੀ ਸਮਾਗਮ ਜੋ ਕਿ ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਅਤੇ ਸੱਚਖੰਡ ਵਾਸੀ ਮਾਤਾ ਰਣਜੀਤ ਕੌਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਹੈ ਦੇਸ਼ ਵਿਦੇਸ਼ ਤੋਂ ਸੰਗਤਾਂ ਪੁੱਜ ਰਹੀਆਂ ਹਨ ਅਤੇ ਸੰਤ ਮਹਾਂਪੁਰਸ, ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਵੀ ਸਿਰਕੱਤ ਕਰ ਰਹੇ ਹਨ। ਉਨ੍ਹਾਂ ਪੁੱਜੀਆਂ ਸਖ਼ਸੀਅਤਾਂ ਨੂੰ ਜੀ ਆਇਆ ਵੀ ਆਖਿਆ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ, ਸੰਤ ਬਾਬਾ ਵਰਿਆਮ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਗਿੱਲ, ਜਥੇਦਾਰ ਉਜਾਗਰ ਸਿੰਘ ਬਡਾਲੀ ਹਲਕਾ ਇੰਚਾਰਜ ਖਰੜ, ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਜਥੇਦਾਰ ਅਮਰੀਕ ਸਿੰਘ ਮਲਕਪੁਰ, ਐਚ.ਜੀ.ਪੀ.ਸੀ. ਮੈਂਬਰ ਸ੍ਰ: ਚਰਨਜੀਤ ਸਿੰਘ ਕਾਲੇਵਾਲ, ਯੂਥ ਅਕਾਲੀ ਆਗੂ ਸ੍ਰ: ਸਾਹਿਬ ਸਿੰਘ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।