ਸੰਸਦ ’ਤੇ ਹਮਲੇ ਬਾਅਦ ਕੈਨੇਡਾ ਵਿੱਚ ਜੇਹਾਦੀ ਹਮਲਿਆਂ ਦਾ ਖੌਫ਼ ਵਧਿਆ

0
1017

Caneda

ਐਨ ਐਨ ਬੀ

ਓਟਾਵਾ – ਕੈਨੇਡਾ ’ਚ ਪਿਛਲੇ ਦਿਨੀਂ ਦਹਿਸ਼ਤੀ ਹਮਲਿਆਂ ਨਾਲ ਤਰਥੱਲੀ ਮਚਾਉਣ ਵਾਲੇ ਮਾਈਕਲ ਜ਼ੇਹਾਫ ਬਿਬੀਯੋ (32) ਅਤੇ ਮਾਰਟਿਨ ਕੋਟੂਰ ਰੋਲਿਊ (25) ਸਰਕਾਰ ਦੀ ਨਿਗਰਾਨ ਸੂਚੀ ’ਚ ਸ਼ਾਮਲ ਸਨ। ਉਨ੍ਹਾਂ ਦੇ ਵਿਦੇਸ਼ ਜਾਣ ’ਤੇ ਪਾਬੰਦੀ ਲੱਗੀ ਹੋਈ ਸੀ ਕਿਉਂਕਿ ਸਰਕਾਰ ਨੂੰ ਖਦਸ਼ਾ ਸੀ ਕਿ ਉਹ ਇਸਲਾਮੀ ਜਹਾਦੀਆਂ ਨਾਲ ਮਿਲ ਕੇ ਵਿਦੇਸ਼ ’ਚ ਖੌਰੂ ਪਾ ਸਕਦੇ ਹਨ। ਕੈਨੇਡਾ ’ਚ ਇਸਲਾਮੀ ਹਿੰਸਾ ਦੀ ਪਹਿਲਾਂ ਕਦੇ ਵੀ ਕੋਈ ਵਾਰਦਾਤ ਨਹੀਂ ਹੋਈ, ਪਰ ਅਮਰੀਕਾ ਦਾ ਸਾਥ ਦੇਣ ਲਈ ਦਹਿਸ਼ਤਗਰਦਾਂ ਵੱਲੋਂ ਸਰਕਾਰ ਨੂੰ ਵੰਗਾਰ ਦਿੱਤੀ ਜਾਂਦੀ ਰਹੀ ਹੈ।
ਉਧਰ ਕੈਨੇਡਾ ਦੀ ਸੰਸਦ ’ਚ ਮੁੜ ਤੋਂ ਕੰਮਕਾਜ ਸ਼ੁਰੂ ਹੋ ਗਿਆ ਹੈ। ਹਾਊਸ ਆਫ ਕਾਮਨਜ਼ ’ਚ ਮੈਂਬਰਾਂ ਨੇ ਸੰਸਦ ਦੀ ਸੁਰੱਖਿਆ ’ਚ ਲੱਗੇ ਕਰਮੀਆਂ ਦੀ ਅਗਵਾਈ ਕਰ ਰਹੇ ਸਾਰਜੈਂਟ ਕੇਵਿਨ ਵਿੱਕਰਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਵਿੱਕਰਸ ਵੱਲੋਂ ਗੋਲੀ ਚਲਾਉਣ ਕਰਕੇ ਇਕ ਹਮਲਾਵਰ ਪਿੱਛੇ ਹੀ ਰਹਿ ਗਿਆ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੰਸਦ ’ਚ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਉਦੇਸ਼ ਲੋਕਾਂ ’ਚ ਖੌਫ਼ ਪੈਦਾ ਕਰਨ ਅਤੇ ਸਰਕਾਰ ਦੇ ਕੰਮਕਾਜ ’ਚ ਅੜਿੱਕਾ ਪਾਉਣਾ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਚੌਕਸ ਰਹੇਗੀ ਅਤੇ ਕਿਸੇ ਤੋਂ ਡਰੇਗੀ ਨਹੀਂ। ਸ੍ਰੀ ਹਾਰਪਰ ਨੇ ਆਪਣੀ ਸੀਟ ਤੋਂ ਉਠ ਕੇ ਸਾਰਜੈਂਟ ਵਿੱਕਰਸ ਨਾਲ ਹੱਥ ਮਿਲਾਇਆ ਅਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਗਲੇ ਮਿਲੇ। ਇਸ ਤੋਂ ਪਹਿਲਾਂ ਸ੍ਰੀ ਹਾਰਪਰ ਨੇ ਓਟਾਵਾ ਜੰਗੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।